Moga SHO Bribe Case: ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ SHO ਸੁਨੀਤਾ ਬਾਵਾ ਨੂੰ ਵਿਜੀਲੈਂਸ ਬਿਊਰੋ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਵਾਂ ਕੇਸ ਦਰਜ ਹੋ ਸਕਦਾ ਹੈ ਤੇ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਦਾ ਨਾਮ ਨਾਜ਼ਮਦ ਨਾ ਕਰਨ ਦੇ ਬਦਲੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ। ਉਹ ਪੰਜਾਬ ਪੁਲੀਸ ਵਿਚ ਸਾਲ 2011 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ ਜਿਸ ਨੇ ਪ੍ਰੀਖਿਆਵਾਂ ਪਾਸ ਕਰਕੇ ਸਬ-ਇੰਸਪੈਕਟਰ ਤੱਕ ਦਾ ਸਫ਼ਰ ਤੈਅ ਕੀਤਾ ਸੀ। ਵਿਜੀਲੈਂਸ ਮੁਤਾਬਕ ਉਸ ਖ਼ਿਲਾਫ਼ ਪਹਿਲਾਂ ਵੀ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ, ਜਿਨ੍ਹਾਂ ਦੀ ਜਾਂਚ ਹੁਣ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਦਾਲਤ ਨੇ ਉਸ ਨੂੰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਜੀਲੈਂਸ ਟੀਮ ਵੱਲੋਂ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਗੁਰਅਵਤਾਰ ਸਿੰਘ ਦੇ ਮੋਬਾਈਲ ਫ਼ੋਨਾਂ ਦੀ ਕਾਲ ਰਿਕਾਰਡਿੰਗ ਅਤੇ ਡਿਲੀਟ ਕੀਤੇ ਸੁਨੇਹਿਆਂ ਦੀ ਡਿਜੀਟਲ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਵਿਭਾਗ ਜਾਂ ਬਾਹਰੀ ਵਿਚੋਲਿਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ।
ਆਮਦਨ ਤੋਂ ਵੱਧ ਜਾਇਦਾਦ ਅਤੇ ਪਿਛਲੇ ਕਾਰਜਕਾਲਾਂ ਦੀ ਜਾਂਚ
ਵਿਜੀਲੈਂਸ ਬਿਊਰੋ ਹੁਣ ਸੁਨੀਤਾ ਬਾਵਾ ਅਤੇ ਉਸ ਦੇ ਪਰਿਵਾਰ ਦੇ ਨਾਂ ’ਤੇ ਦਰਜ ਮਕਾਨਾਂ, ਪਲਾਟਾਂ, ਕਮਰਸ਼ੀਅਲ ਜਾਇਦਾਦਾਂ ਅਤੇ ਖੇਤੀਬਾੜੀ ਜ਼ਮੀਨਾਂ ਦੇ ਦਸਤਾਵੇਜ਼ ਖੰਘਾਲ ਰਹੀ ਹੈ। ਸਰਕਾਰੀ ਤਨਖਾਹ ਦੇ ਮੁਕਾਬਲੇ ਉਸ ਦੀ ਜਾਇਦਾਦ ਵਿੱਚ ਖਾਮੀਆਂ ਪਾਏ ਜਾਣ ’ਤੇ ਆਮਦਨ ਤੋਂ ਵੱਧ ਜਾਇਦਾਦ ਦਾ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੈਂਕ ਖਾਤਿਆਂ, ਫਿਕਸਡ ਡਿਪਾਜ਼ਿਟ ਅਤੇ ਲਾਕਰਾਂ ਦੀ ਜਾਣਕਾਰੀ ਹਾਸਲ ਕਰਨ ਲਈ ਬੈਂਕਾਂ ਨੂੰ ਪੱਤਰ ਲਿਖੇ ਜਾ ਰਹੇ ਹਨ। ਸੁਨੀਤਾ ਬਾਵਾ ਦੇ ਪਿਛਲੇ ਥਾਣਿਆਂ ਵਿੱਚ ਬਤੌਰ SHO ਰਹਿੰਦਿਆਂ ਸ਼ੱਕੀ ਤਰੀਕੇ ਨਾਲ ਰਫ਼ਾ-ਦਫ਼ਾ ਕੀਤੇ ਗਏ ਜਾਂ ਲਟਕਾਏ ਗਏ ਮਾਮਲਿਆਂ ਦੀਆਂ ਫਾਈਲਾਂ ਨੂੰ ਵੀ ਮੁੜ ਤੋਂ ਖੋਲ੍ਹ ਕੇ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੀ ਪੁਲੀਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ, ਉਸ ਦੀ ਜਾਣਕਾਰੀ ਦੇ ਆਧਾਰ ਉੱਤੇ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨੂੰ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਨਸ਼ਾ ਤਸਕਰੀ ਦੇ ਕੇਸ ਵਿੱਚ ਉਲਝਾਉਣ ਦੀਆਂ ਧਮਕੀਆਂ ਦੇ ਰਹੀ ਸੀ।
ਸੂਤਰਾਂ ਮੁਤਾਬਕ ਥਾਣਾ ਮੁਖੀ ਨੇ ਉਸ ਪਾਸੋਂ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਹਾਸਲ ਕਰ ਲਈ ਸੀ ਅਤੇ ਉਸ ਪਾਸੋਂ ਪੰਜਾਹ ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ। ਜਿਸ ਉੱਤੇ ਰਾਜਵਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ। ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਟੀਮ ਦਾ ਗਠਨ ਕਰਕੇ ਥਾਣਾ ਮੁਖੀ ਵਿਰੁੱਧ ਜਾਲ ਵਿਛਾਕੇ ਦੇਰ ਰਾਤ 9 ਵਜੇ ਦੇ ਕਰੀਬ ਜੀਰਾ ਰੋਡ ਉਪਰ ਇੱਕ ਖਾਸ ਜਗ੍ਹਾ ਉਪਰ ਥਾਣਾ ਮੁਖੀ ਅਤੇ ਉਸ ਦੇ ਗੰਨਮੈਨ ਨੂੰ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਥਾਣਾ ਮੁਖੀ ਸੁਨੀਤਾ ਬਾਵਾ ਪਹਿਲਾਂ ਤੋਂ ਹੀ ਵਿਜੀਲੈਂਸ ਬਿਊਰੋ ਦੀ ਰਾਡਾਰ ’ਤੇ ਸੀ। ਉਸ ਉੱਤੇ ਆਪਣੇ ਗੰਨਮੈਨ ਰਾਹੀਂ ਰਿਸ਼ਵਤ ਦੇ ਗੰਭੀਰ ਇਲਜ਼ਾਮ ਲੱਗ ਰਹੇ ਸਨ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਥਾਣੇ ਦੇ ਮਹਿਲਾ ਮੁੱਖ ਅਫਸਰ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਸੀ।






