New Zealand Punjab Woman: ਵਿਆਹੁਤਾ ਨਾਲ ਤਸ਼ੱਦਦ ਦੇ ਇੱਕ ਮਾਮਲੇ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਪੁਲੀਸ ਪੰਜਾਬ ਦੀ ਇੱਕ ਔਰਤ ਦਾ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ। ਇਸ ਮਾਮਲੇ ਵਿੱਚ ਇਸ ਔਰਤ ਨੇ ਆਪਣੇ ਪਤੀ ਅਤੇ ਸੱਸ ’ਤੇ ਕੁੱਟਮਾਰ, ਧਮਕੀਆਂ ਦੇਣ ਅਤੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਨਿਊਜ਼ੀਲੈਂਡ ਪੁਲੀਸ 14 ਦਸੰਬਰ ਨੂੰ ਮਾਈਕ੍ਰੋਸਾਫਟ ਟੀਮਾਂ ਰਾਹੀਂ ਉਸ ਦਾ ਬਿਆਨ ਦਰਜ ਕਰੇਗੀ।
ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਖ਼ਿਲਾਫ਼ ਦਿੱਲੀ ਪੁਲੀਸ ਦੇ ਮਹਿਲਾ ਸੈੱਲ ਕੋਲ ਵੀ ਸ਼ਿਕਾਇਤ ਦਿੱਤੀ ਸੀ। ਹਾਲਾਂਕਿ ਦਿੱਲੀ ਪੁਲੀਸ ਨੇ ਅਦਾਲਤੀ ਹੁਕਮ ਤੋਂ ਬਿਨਾਂ ਵੀਡੀਓ ਰਾਹੀਂ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਔਰਤ ਦੇ ਵਕੀਲ ਅਰਪਿਤ ਬੱਤਰਾ ਨੇ ਦੱਸਿਆ ਕਿ ਨਿਊਜ਼ੀਲੈਂਡ ਪੁਲੀਸ ਨੇ ਲੋੜੀਂਦੀਆਂ ਸੁਰੱਖਿਆ ਵਿਵਸਥਾਵਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਤੈਅ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਆਨ ਦਰਜ ਹੋਣ ਅਤੇ ਉਸ ਦੀ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਿਆਹ ਤੋਂ ਬਾਅਦ ਤਸ਼ੱਦਦ ਢਾਹੁਣ ਦੇ ਦੋਸ਼
ਇਸ ਔਰਤ ਦਾ ਵਿਆਹ 29 ਅਪਰੈਲ 2025 ਨੂੰ ਨਿਊਜ਼ੀਲੈਂਡ ਵਾਸੀ ਨਾਲ ਚੰਡੀਗੜ੍ਹ ਦੇ ਸੈਕਟਰ 43 ਸਥਿਤ ਹੋਟਲ ਪਾਰਕ ਗਰੈਂਡ ਵਿੱਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਉਸ ਦਾ ਦੋਸ਼ ਹੈ ਕਿ ਵਿਆਹ ਸਮੇਂ ਪਤੀ ਦੇ ਪਰਿਵਾਰ ਨੇ ਹੋਟਲ ਦੀ ਚੋਣ ਸਬੰਧੀ ਦਬਾਅ ਪਾਇਆ, ਜਦਕਿ ਉਸ ਦੇ ਪਿਤਾ ਦੀ ਆਰਥਿਕ ਸਥਿਤੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਸੀ।
ਔਰਤ ਅਨੁਸਾਰ ਉਹ ਮੁਹਾਲੀ ਦੇ ਸੈਕਟਰ 55 ਵਿੱਚ ਰਹੀ ਅਤੇ 2 ਜੁਲਾਈ 2025 ਨੂੰ ਪਤੀ ਨਾਲ ਆਕਲੈਂਡ ਚਲੀ ਗਈ। ਉਸ ਦਾ ਦਾਅਵਾ ਹੈ ਕਿ ਉੱਥੇ ਉਸ ਨੂੰ ਲਗਾਤਾਰ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਪਤੀ ਅਤੇ ਸੱਸ ਕਥਿਤ ਤੌਰ ’ਤੇ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਅਤੇ ਭਾਰਤੀ ਪਛਾਣ ਨੂੰ ਲੈ ਕੇ ਅਪਮਾਨਜਨਕ ਟਿੱਪਣੀਆਂ ਕਰਦੇ ਸਨ। ਉਸ ਨੇ ਦੋਸ਼ ਲਾਇਆ ਕਿ ਪਤੀ ਨੇ ਭਾਰਤੀ ਔਰਤ ਨਾਲ ਵਿਆਹ ਕਰਨ ’ਤੇ ਪਛਤਾਵਾ ਜਤਾਇਆ ਅਤੇ ਕਿਹਾ ਕਿ ਉਹ ਕਿਸੇ ਗੋਰੀ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਸੀ।
ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦਾਅਵਾ
ਔਰਤ ਨੇ ਦਾਅਵਾ ਕੀਤਾ ਕਿ ਤਸ਼ੱਦਦ ਕਾਰਨ 25 ਅਗਸਤ 2025 ਨੂੰ ਉਸ ਦਾ ਗਰਭਪਾਤ ਹੋ ਗਿਆ। ਨਵੰਬਰ 2025 ਵਿੱਚ ਉਸ ਨੂੰ ਪਤੀ ਦੇ ਫ਼ੋਨ ਵਿੱਚ ਸਾਬਕਾ ਪ੍ਰੇਮਿਕਾ ਨਾਲ ਸਬੰਧਤ ਸੁਨੇਹੇ ਮਿਲੇ। ਉਸ ਅਨੁਸਾਰ 10 ਅਪਰੈਲ 2026 ਨੂੰ ਪਤੀ ਨੇ ਉਸ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਅਤੇ ਉਸ ’ਤੇ ਤਿੰਨ ਵਾਰ ਠੰਢਾ ਪਾਣੀ ਸੁੱਟਿਆ।
ਉਸ ਨੇ ਇਹ ਵੀ ਦੋਸ਼ ਲਾਇਆ ਕਿ 16 ਅਪਰੈਲ ਦੀ ਰਾਤ ਕਰੀਬ ਡੇਢ ਵਜੇ ਪਤੀ ਨੇ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਔਰਤ 21 ਅਪਰੈਲ 2026 ਨੂੰ ਭਾਰਤ ਪਰਤ ਆਈ ਸੀ।






