ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਬਿਨ ਜਸਿਮ ਅਲ ਥਾਨੀ ਨਾਲ ਉੱਚ-ਪੱਧਰੀ ਗੱਲਬਾਤ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਪ੍ਰਮੁੱਖ ਖਾੜੀ ਸਹਿਯੋਗੀ ਦੇਸ਼ਾਂ ਨੇ “ਅਪਰੇਸ਼ਨ ਆਇਰਨ ਗੇਟ” (Operation Iron Gate) ਤਹਿਤ ਇਰਾਨ ਵਿਰੁੱਧ ਇੱਕ ਅਭੂਤਪੂਰਵ ਸਾਂਝੀ ਜ਼ਮੀਨੀ ਅਤੇ ਸਮੁੰਦਰੀ ਘੇਰਾਬੰਦੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਤਹਿਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਪੂਰੀ ਤਰ੍ਹਾਂ ਨਾ-ਬਦਲਣਯੋਗ (non-negotiable) ਸ਼ਰਤ ਹੈ।
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ’ਤੇ ਪੋਸਟ ਕਰਦਿਆਂ ਟਰੰਪ ਨੇ ਲਿਖਿਆ ਕਿ ਖਾੜੀ ਦੇਸ਼ ਇਸ ਰੁਖ਼ ’ਤੇ ਇਕਜੁੱਟ ਹਨ ਕਿ ਤਹਿਰਾਨ ਨੂੰ ਕਦੇ ਵੀ ਪਰਮਾਣੂ ਸਮਰੱਥਾ ਹਾਸਲ ਨਹੀਂ ਕਰਨ ਦਿੱਤੀ ਜਾਵੇਗੀ।
ਟਰੰਪ ਨੇ ਲਿਖਿਆ, “ਮੇਰੀ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਬਿਨ ਜਸਿਮ ਅਲ ਥਾਨੀ ਨਾਲ ਬਹੁਤ ਵਧੀਆ ਗੱਲਬਾਤ ਹੋਈ, ਜਿਸ ਵਿੱਚ ਈਰਾਨ ਦੇ ਇਸਲਾਮੀ ਗਣਰਾਜ ਨਾਲ ਸਬੰਧਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਤਰ, ਸਾਊਦੀ ਅਰਬ, ਯੂਏਈ, ਬਹਿਰੀਨ, ਕੁਵੈਤ ਅਤੇ ਹੋਰ ਦੇਸ਼ ਇਤਿਹਾਸ ਦੀ ਸਭ ਤੋਂ ਵੱਡੀ ਨੌਸੈਨਾ ਘੇਰਾਬੰਦੀ ਅਤੇ ਨਵੇਂ ‘ਅਪਰੇਸ਼ਨ ਆਇਰਨ ਗੇਟ’ ਯਾਨੀ ਜ਼ਮੀਨੀ ਤੇ ਸਮੁੰਦਰੀ ਘੇਰਾਬੰਦੀ ਨੂੰ ਜਾਰੀ ਰੱਖਣ ਦੇ ਪੱਖ ਵਿੱਚ ਹਨ। ਸਾਰੇ ਇਸ ਗੱਲ ’ਤੇ ਸਹਿਮਤ ਹਨ ਕਿ ਇਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦਾ—ਇਹ ਬਿਲਕੁਲ ਨਾ-ਬਦਲਣਯੋਗ ਹੈ!”
ਜੇਕਰ ਖੇਤਰੀ ਹਾਲਾਤ ਵਿਗੜਦੇ ਹਨ ਤਾਂ ਅਮਰੀਕੀ ਫ਼ੌਜਾਂ ਦੇ ਪੂਰੀ ਤਰ੍ਹਾਂ ਤਿਆਰ (‘locked and loaded’) ਹੋਣ ਦੀ ਚੇਤਾਵਨੀ ਦਿੰਦੇ ਹੋਏ ਵੀ ਟਰੰਪ ਨੇ ਤਣਾਅ ਘਟਣ ਦੀ ਉਮੀਦ ਜਤਾਈ ਅਤੇ ਕਿਹਾ ਕਿ ਜੰਗ ਨੂੰ ਖ਼ਤਮ ਕਰਨ ਵੱਲ ਹਕਾਰਾਤਮਕ ਕਦਮ ਵੇਖਣ ਨੂੰ ਮਿਲ ਰਹੇ ਹਨ।
ਉਨ੍ਹਾਂ ਕਿਹਾ, “ਜੇਕਰ ਮੱਧ ਪੂਰਬ ਵਿੱਚ ਹਾਲਾਤ ਬਦਲਦੇ ਹਨ, ਤਾਂ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਇਸ ਸਮੇਂ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ। ਇਜ਼ਰਾਇਲ ਅਤੇ ਪੂਰਾ ਮੱਧ ਪੂਰਬ ਇਰਾਨੀ ਖ਼ਤਰਿਆਂ ਤੋਂ ਸੁਰੱਖਿਅਤ ਹੈ।”
ਵਾਸ਼ਿੰਗਟਨ ਦੀਆਂ ਰਣਨੀਤਕ ਪ੍ਰਾਥਮਿਕਤਾਵਾਂ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਅੱਗੇ ਲਿਖਿਆ, “ਅਸੀਂ ਇਸ ਸੰਘਰਸ਼ ਦੇ ਖ਼ਾਤਮੇ ਵੱਲ ਹਕਾਰਾਤਮਕ ਵਾਧਾ ਵੇਖ ਰਹੇ ਹਾਂ ਅਤੇ ਇਹ ਯਕੀਨੀ ਬਣਾਵਾਂਗੇ ਕਿ ਅਮਰੀਕਾ ਦੇ ਹਿੱਤ ਹਰ ਸਮੇਂ ਸੁਰੱਖਿਅਤ ਰਹਿਣ। ਇਸ ਫ਼ੌਜੀ ਕਾਰਵਾਈ ਦੇ ਸਮਾਪਤ ਹੋਣ ’ਤੇ, ਅਮਰੀਕੀ ਜਨਤਾ ਅਤੇ ਪੂਰੀ ਦੁਨੀਆ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਹੋਵੇਗੀ।”
ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਕੀਤੇ ਗਏ ਫ਼ੌਜੀ ਹਮਲਿਆਂ ਨੇ ਇਰਾਨ ਦੇ ਉਦਯੋਗਿਕ ਢਾਂਚੇ ਅਤੇ ਉਤਪਾਦਨ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਤਹਿਰਾਨ ਦੇ ਕੂਟਨੀਤਕ ਰੁਖ਼ ਵਿੱਚ ਵੀ ਬਦਲਾਅ ਆਇਆ ਹੈ।





