ਮਾਈਕ੍ਰੋਸਾਫਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਪਣੇ ਪ੍ਰਭਾਵਿਤ ਬੁਨਿਆਦੀ ਢਾਂਚੇ ਦੇ ਕੁਝ ਹਿੱਸਿਆਂ ਵਿੱਚ ਬਹਾਲੀ ਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ ਅਤੇ ਟਰੈਫਿਕ ਹੌਲੀ-ਹੌਲੀ ਬਹਾਲ ਹੋ ਰਿਹਾ ਹੈ, ਹਾਲਾਂਕਿ ਆਊਟਲੁੱਕ (Outlook) ਈਮੇਲ ਸਮੇਤ ਮਾਈਕ੍ਰੋਸਾਫਟ 365 ਸੇਵਾਵਾਂ ਦੂਜੇ ਦਿਨ ਵੀ ਪ੍ਰਭਾਵਿਤ ਰਹੀਆਂ।
ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਜਾਰੀ ਅੱਪਡੇਟ ਮੁਤਾਬਕ, ਕੰਪਨੀ ਦੇ ਸਰਵਿਸ ਹੈਲਥ ਪੇਜ ’ਤੇ ਮਾਈਕ੍ਰੋਸਾਫਟ 365 ਦੇ ਕਾਰੋਬਾਰੀ, ਐਂਟਰਪ੍ਰਾਈਜ਼ ਅਤੇ ਖਪਤਕਾਰ ਉਤਪਾਦਾਂ ਲਈ “ਸੇਵਾ ਵਿੱਚ ਗਿਰਾਵਟ” ਦਿਖਾਈ ਜਾ ਰਹੀ ਸੀ। ਕੰਪਨੀ ਨੇ ਕਿਹਾ ਕਿ ਮੇਲਬਾਕਸ ਤੱਕ ਪਹੁੰਚ ਅਤੇ ਦੇਰੀ ਨਾਲ ਹੋ ਰਹੀ ਈਮੇਲ ਪ੍ਰੋਸੈਸਿੰਗ ਵਿੱਚ ਸੁਧਾਰ ਹੋ ਰਿਹਾ ਹੈ, ਪਰ ਕੁਝ ਵਰਤੋਂਕਾਰਾਂ ਨੂੰ ਰੁਕ-ਰੁਕ ਕੇ ਸਮੱਸਿਆਵਾਂ ਆ ਸਕਦੀਆਂ ਹਨ। ਹੁਣ ਕੰਪਨੀ ਦਾ ਧਿਆਨ ਹੋਰਨਾਂ ਖੇਤਰਾਂ ਵਿੱਚ ਬਹਾਲੀ ਦੀਆਂ ਕਾਰਵਾਈਆਂ ਵਧਾਉਣ ਅਤੇ ਈਮੇਲਾਂ ਦੇ ਬੈਕਲਾਗ ਨੂੰ ਘਟਾਉਣ ’ਤੇ ਹੈ।
ਮਾਈਕ੍ਰੋਸਾਫਟ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਪੁਨੀਤ ਚੰਡੋਕ ਨੇ ਲਿੰਕਡਇਨ ’ਤੇ ਗਾਹਕਾਂ ਨੂੰ ਹੋਈ ਪਰੇਸ਼ਾਨੀ ਲਈ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਆਲਮੀ ਟੀਮਾਂ ਇਸ ਮਸਲੇ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਉੱਧਰ, ਕੰਪਨੀ ਦੇ ਈ.ਵੀ.ਪੀ. ਚਾਰਲਸ ਲਮਾਨਾ ਨੇ ‘ਐਕਸ’ (X) ’ਤੇ ਸਪੱਸ਼ਟ ਕੀਤਾ ਕਿ ਇਸ ਵਿਘਨ ਪਿੱਛੇ ਕਿਸੇ ਸਾਈਬਰ ਹਮਲੇ ਜਾਂ ਮਾੜੀ ਨੀਅਤ ਵਾਲੀ ਗਤੀਵਿਧੀ ਦਾ ਕੋਈ ਸੰਕੇਤ ਨਹੀਂ ਹੈ। ਕੰਪਨੀ ਅਨੁਸਾਰ ਸਮੱਸਿਆ ਪੂਰੀ ਤਰ੍ਹਾਂ ਹੱਲ ਹੋਣ ਤੋਂ ਬਾਅਦ ਅਸਲ ਕਾਰਨਾਂ ਦੀ ਪੂਰੀ ਰਿਪੋਰਟ ਸਾਂਝੀ ਕੀਤੀ ਜਾਵੇਗੀ।
ਭਾਰਤ ਵਿੱਚ ਇਸ ਤਕਨੀਕੀ ਵਿਘਨ ਦਾ ਅਸਰ ਹਵਾਬਾਜ਼ੀ ਸੇਵਾਵਾਂ ’ਤੇ ਵੀ ਦੇਖਣ ਨੂੰ ਮਿਲਿਆ। ਇੰਡੀਗੋ ਅਤੇ ਅਕਾਸਾ ਏਅਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਈਮੇਲ ਸਹਾਇਤਾ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਹਾਲਾਂਕਿ ਬਾਕੀ ਸਾਰੇ ਸੰਚਾਰ ਮਾਧਿਅਮ ਤੇ 24/7 ਕੇਅਰ ਸੈਂਟਰ ਆਮ ਵਾਂਗ ਕੰਮ ਕਰ ਰਹੇ ਹਨ। ਦੂਜੇ ਪਾਸੇ, ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਆਰਜ਼ੀ ਤੌਰ ’ਤੇ ਆਪਣੀਆਂ ਈਮੇਲਾਂ ਦਾ ਰੂਟ ਬਦਲ ਦਿੱਤਾ ਹੈ, ਜਿਸ ਕਾਰਨ ਉਸ ਦੀਆਂ ਉਡਾਣਾਂ ਅਤੇ ਸੰਚਾਰ ਸੇਵਾਵਾਂ ਪੂਰੀ ਤਰ੍ਹਾਂ ਨਿਰਵਿਘਨ ਜਾਰੀ ਹਨ।






