ਇੱਕ ਸਰਕਾਰੀ ਪ੍ਰਯੋਗਸ਼ਾਲਾ (ਲੈਬਾਰਟਰੀ) ਦੀ ਰਿਪੋਰਟ ਵਿੱਚ ‘ਮੇਡ ਇਨ ਪਾਕਿਸਤਾਨ’ ਲੇਬਲ ਵਾਲੇ ਸੁੰਦਰਤਾ ਉਤਪਾਦਾਂ (ਬਿਊਟੀ ਪ੍ਰੋਡਕਟਸ) ਵਿੱਚ ਪਾਰੇ(ਮਰਕਰੀ) ਅਤੇ ਆਰਸੈਨਿਕ ਸਮੇਤ ਜ਼ਹਿਰੀਲੀਆਂ ਭਾਰੀ ਧਾਤਾਂ ਦੀ ਖ਼ਤਰਨਾਕ ਤੌਰ ‘ਤੇ ਉੱਚੀ ਮਾਤਰਾ ਪਾਈ ਗਈ ਹੈ, ਜਿਨ੍ਹਾਂ ਨੂੰ ਕਰੀਬ ਚਾਰ ਮਹੀਨੇ ਪਹਿਲਾਂ ਨਾਂਦੇੜ ਪੁਲੀਸ ਵੱਲੋਂ ਜ਼ਬਤ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਲਗਪਗ 39.69 ਲੱਖ ਰੁਪਏ ਦੀ ਕੀਮਤ ਵਾਲੇ ਇਹ ਉਤਪਾਦ 9 ਜੁਲਾਈ ਨੂੰ ਨਾਂਦੇੜ ਦੇ ਮੱਕਾ ਗਲੀ ਇਲਾਕੇ ਵਿੱਚ ਸਥਿਤ ‘ਅਫ਼ਰਾਹ ਕਲੈਕਸ਼ਨ’ (ਅਫ਼ਰਾਹ ਟੂਰਜ਼ ਐਂਡ ਟਰੈਵਲਜ਼) ਵਿਖੇ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਸਨ।
ਪੁਲੀਸ ਅਨੁਸਾਰ ਛਾਪੇਮਾਰੀ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਦੇ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਵਿੱਚ ਦੋ ਬਿਊਟੀ ਕਰੀਮਾਂ ਵਿੱਚ ਪਾਰੇ ਦੀ ਖ਼ਤਰਨਾਕ ਤੌਰ ‘ਤੇ ਉੱਚੀ ਮਾਤਰਾ ਪਾਈ ਗਈ ਹੈ, ਜੋ ਕਿ ਕਾਸਮੈਟਿਕ ਨਿਯਮਾਂ ਤਹਿਤ ਨਿਰਧਾਰਤ ਸੀਮਾ ਤੋਂ ਕਿਤੇ ਵੱਧ ਹੈ।
‘ਪਾਰਲੇ 24ਕੇ ਗੋਲਡ ਗਲੀਮ ਬਿਊਟੀ ਕਰੀਮ’ (PARLEY 24K Gold Gleam Beauty Cream) ਵਿੱਚ 1 PPM ਦੀ ਨਿਰਧਾਰਤ ਸੀਮਾ ਦੇ ਮੁਕਾਬਲੇ 48,453.44 ਪਾਰਟਸ ਪ੍ਰਤੀ ਮਿਲੀਅਨ (PPM) ਪਾਰਾ ਪਾਇਆ ਗਿਆ। ਇਸੇ ਤਰ੍ਹਾਂ ‘ਗੋਰੀ ਬਿਊਟੀ ਕਰੀਮ ਵਿਦ ਲਾਇਕੋਪੀਨ’ (GOREE Beauty Cream with Lycopene) ਵਿੱਚ 6,924.94 ਪੀ.ਪੀ.ਐੱਮ. ਪਾਰਾ ਪਾਇਆ ਗਿਆ।
ਪੁਲੀਸ ਨੇ ਦੱਸਿਆ ਕਿ ਇਹ ਛਾਪੇਮਾਰੀ ਇਤਵਾਰਾ ਥਾਣੇ ਦੀ ਇੱਕ ਟੀਮ ਵੱਲੋਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੇ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਗਈ ਸੀ।
ਦੁਕਾਨ ਸੰਚਾਲਕ ਮੁਹੰਮਦ ਜ਼ਿਆਉੱਦੀਨ ਮੁਹੰਮਦ ਵਾਜਿਦ ਦੇ ਕਬਜ਼ੇ ਵਿੱਚੋਂ ਉਰਦੂ ਅਤੇ ਅੰਗਰੇਜ਼ੀ ਲੇਬਲ ਵਾਲੇ ਸੁੰਦਰਤਾ ਉਤਪਾਦ ਬਰਾਮਦ ਹੋਏ ਸਨ, ਜਿਨ੍ਹਾਂ ‘ਤੇ ਪਾਕਿਸਤਾਨੀ ਮੂਲ ਦੇ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਨਕਲੀ ਉਤਪਾਦਾਂ ਕਾਰਨ ਪੈਦਾ ਹੋਣ ਵਾਲੇ ਸੰਭਾਵੀ ਸਿਹਤ ਖ਼ਤਰਿਆਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਸਮੈਟਿਕਸ ਰਾਹੀਂ ਜ਼ਿਆਦਾ ਮਾਤਰਾ ਵਿੱਚ ਪਾਰੇ ਅਤੇ ਆਰਸੈਨਿਕ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਚਮੜੀ ਦੇ ਗੰਭੀਰ ਰੋਗ, ਗੁਰਦਿਆਂ ਨੂੰ ਨੁਕਸਾਨ ਅਤੇ ਦਿਮਾਗੀ ਪ੍ਰਣਾਲੀ (ਨਿਊਰੋਲੋਜੀਕਲ) ਦੀਆਂ ਪੇਚੀਦਗੀਆਂ ਹੋ ਸਕਦੀਆਂ ਹਨ।
ਪੁਲੀਸ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ (BNS), ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਵਿਦੇਸ਼ੀ ਵਪਾਰ (ਵਿਕਾਸ ਅਤੇ ਨਿਯਮਨ) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲੀਸ ਨੇ ਨਾਗਰਿਕਾਂ ਨੂੰ ਨਕਲੀ, ਬਿਨਾਂ ਲਾਇਸੈਂਸ ਵਾਲੇ ਜਾਂ ਸ਼ੱਕੀ ਦਰਾਮਦ ਕੀਤੇ ਉਤਪਾਦਾਂ ਦੀ ਵਿਕਰੀ ਬਾਰੇ ਸੂਚਿਤ ਕਰਨ ਦੀ ਅਪੀਲ ਕੀਤੀ ਹੈ।






