ਉੱਤਰੀ ਇੰਗਲੈਂਡ ਵਿੱਚ ਪਾਕਿਸਤਾਨੀ ਮੂਲ ਦੇ ਤਿੰਨ ਵਿਅਕਤੀਆਂ ਨੂੰ 2000 ਦੇ ਦਹਾਕੇ ਵਿੱਚ ਇੱਕ 13 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਪੀੜਤਾ ਵੱਲੋਂ ਬਾਲਗ ਹੋਣ ‘ਤੇ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਵੀਰਵਾਰ ਨੂੰ ‘ਸ਼ੈਫੀਲਡ ਕਰਾਊਨ ਕੋਰਟ’ ਨੇ ਮੁਦੱਸਰ ਹੁਸੈਨ (37), ਗਜ਼ਨਫਰ ਹੁਸੈਨ (42) ਅਤੇ ਕਾਮਿਰ ਅਫਜ਼ਲ ਖ਼ਾਨ (37) ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਕਾਰਵਾਈ ਦੱਖਣੀ ਯੌਰਕਸ਼ਾਇਰ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਜਾਂਚ ਨਾਲ ਸਬੰਧਤ ‘ਅਪਰੇਸ਼ਨ ਸਟੋਵਵੁੱਡ’ ਦਾ ਅਹਿਮ ਹਿੱਸਾ ਹੈ।
ਬ੍ਰਿਟੇਨ ਦੀ ‘ਨੈਸ਼ਨਲ ਕ੍ਰਾਈਮ ਏਜੰਸੀ’ (ਐੱਨ ਸੀ ਏ) ਨੇ ਮੁਦੱਸਰ ਅਤੇ ਕਾਮਿਰ ਦੀ ਭਾਲ ਲਈ ਜਨਤਕ ਅਪੀਲ ਜਾਰੀ ਕੀਤੀ ਹੈ, ਜੋ ਮੰਨਿਆ ਜਾ ਰਿਹਾ ਹੈ ਕਿ ਅਦਾਲਤੀ ਸੁਣਵਾਈ ਤੋਂ ਪਹਿਲਾਂ ਹੀ ਪਾਕਿਸਤਾਨ ਭੱਜ ਗਏ ਸਨ। ਇਨ੍ਹਾਂ ਦੋਵਾਂ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਹੀ ਦੋਸ਼ੀ ਠਹਿਰਾਇਆ ਗਿਆ ਹੈ। ਦੂਜੇ ਪਾਸੇ, ਮੁਦੱਸਰ ਦੇ ਭਰਾ ਗਜ਼ਨਫਰ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਜਿਸਦੀ ਸਜ਼ਾ ‘ਤੇ ਜਲਦ ਸੁਣਵਾਈ ਹੋਵੇਗੀ।
ਐੱਨ ਸੀ ਏ ਦੇ ਅਧਿਕਾਰੀ ਫਿਲਿਪ ਮਾਰਸ਼ਲ ਨੇ ਕਿਹਾ ਕਿ ਫਰਾਰ ਦੋਸ਼ੀਆਂ ਨੂੰ ਲੱਭਣ ਲਈ ਬ੍ਰਿਟੇਨ ਸਮੇਤ ਹੋਰ ਦੇਸ਼ਾਂ ਵਿੱਚ ਵੀ ਜਾਂਚ ਜਾਰੀ ਹੈ, ਤਾਂ ਜੋ ਉਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਦੋਸ਼ੀਆਂ ਬਾਰੇ ਕੋਈ ਵੀ ਜਾਣਕਾਰੀ ਮਿਲਣ ‘ਤੇ ਪੁਲੀਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਅਦਾਲਤ ਵਿੱਚ ਦੱਸਿਆ ਗਿਆ ਕਿ ਮੁਦੱਸਰ ਨੂੰ ਜਬਰ-ਜ਼ਨਾਹ ਦੇ 12 ਅਤੇ ਕਾਮਿਰ ਨੂੰ 2 ਮਾਮਲਿਆਂ ਦੇ ਨਾਲ-ਨਾਲ ਮਨੁੱਖੀ ਤਸਕਰੀ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੇ 13 ਸਾਲਾ ਪੀੜਤਾ ਦਾ ਵਿਸ਼ਵਾਸ ਜਿੱਤ ਕੇ ਅਤੇ ਉਸਨੂੰ ਸ਼ਰਾਬ ਤੇ ਗਾਂਜਾ ਵਰਗੇ ਨਸ਼ੇ ਦੇ ਕੇ ਉਸਦਾ ਸਰੀਰਕ ਸ਼ੋਸ਼ਣ ਕੀਤਾ। ਉੱਥੇ ਹੀ ਗਜ਼ਨਫਰ ਨੂੰ ਜਬਰ-ਜ਼ਨਾਹ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਹੁਣ ਕਰੀਬ 30-35 ਸਾਲਾਂ ਦੀ ਹੋ ਚੁੱਕੀ ਪੀੜਤਾ ਨੇ ਪੁਸ਼ਟੀ ਕੀਤੀ ਹੈ ਕਿ 2008 ਤੋਂ 2010 ਦਰਮਿਆਨ ਇਨ੍ਹਾਂ ਤਿੰਨਾਂ ਨੇ ਵੱਖ-ਵੱਖ ਸਮੇਂ ‘ਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ।






