ਅੱਠ ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਮੁੜ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਹੀ ਦਾਅ ਖੇਡਣ ਦੇ ਰੌਂਅ ’ਚ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹੀਂ ਦਿਨੀਂ ਆਪਣੇ ਆਪਣੇ ਸੀਨੀਅਰ ਆਗੂਆਂ, ਕੋਰ ਕਮੇਟੀ ਦੇ ਮੈਂਬਰਾਂ ਆਦਿ ਤੋਂ ਇਸ ਸਬੰਧੀ ਫੀਡਬੈਕ ਲੈ ਰਹੇ ਹਨ। ਚੂੰਕਿ ਐੱਸਜੀਪੀਸੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ, ਅਜਿਹੇ ’ਚ ਚੋਣਾਂ ਤੋਂ ਪਹਿਲਾਂ ਪਾਰਟੀ ਆਪਣੇ ਰੁੱਸੇ ਹੋਏ ਆਗੂਆਂ ਨੂੰ ਮੁੜ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕਰ ਰਹੀ ਹੈ। ਇਸ ਲਈ ਪਾਰਟੀ ’ਚ ਬੀਬੀ ਜਗੀਰ ਕੌਰ ਨੂੰ ਵੀ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਵੀ ਚੋਣਾਂ ’ਚ ਉਤਰਨ ਲਈ ਤਿਆਰੀ ਕਰ ਲਈ ਹੈ। ਹਾਲਾਂਕਿ ਜਿਸ ਤਰ੍ਹਾਂ ਪਿਛਲੇ ਸਾਲ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ’ਚ ਉਤਾਰ ਕੇ ਇਕ ਵੱਡੀ ਲੜਾਈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਨੇ ਕਮਰ ਕੱਸੀ ਸੀ ਇਸ ਵਾਰ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ। ਪਿਛਲੀ ਚੋਣ ’ਚ ਬੀਬੀ ਜਗੀਰ ਕੌਰ ਪਾਰਟੀ ਤੋਂ ਬਾਗ਼ੀ ਹੋ ਕੇ ਢੀਂਡਸਾ ਗਰੁੱਪ ਵੱਲੋਂ ਚੋਣ ਮੈਦਾਨ ’ਚ ਉਤਰੇ ਸਨ ਤੇ ਉਨ੍ਹਾਂ ਨੇ ਸਾਰੇ ਐੱਸਜੀਪੀਸੀ ਮੈਂਬਰਾਂ ਨੂੰ ਉਨ੍ਹਾਂ ਦੇ ਹੱਕ ’ਚ ਵੋਟ ਪਾਉਣ ਲਈ ਪੂਰਾ ਜ਼ੋਰ ਲਾਇਆ ਸੀ ਪਰ ਉਨ੍ਹਾਂ ਨੂੰ ਸਿਰਫ਼ 42 ਵੋਟਾਂ ਹੀ ਮਿਲੀਆਂ। ਇਸ ਲਈ ਇਸ ਵਾਰ ਉਹੋ ਜਿਹੀ ਰੱਸਾਕਸ਼ੀ ਨਜ਼ਰ ਨਹੀਂ ਆ ਰਹੀ। ਸ਼੍ਰੋਮਣੀ ਅਕਾਲੀ ਦਲ ’ਚ ਇਕ ਵੱਡਾ ਵਰਗ ਹਰਜਿੰਦਰ ਸਿੰਘ ਧਾਮੀ ਨੂੰ ਹੀ ਇਸ ਅਹੁਦੇ ’ਤੇ ਬਣਾਈ ਰੱਖਣਾ ਚਾਹੁੰਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਐੱਸਜੀਪੀਸੀ ਦੀਆਂ ਚੋਣਾਂ ਸਿਰ ’ਤੇ ਹਨ, ਅਜਿਹੇ ’ਚ ਕਿਸੇ ਵੀ ਕਿਸਮ ਦੀ ਛੇੜਛਾੜ ਵਰਕਰਾਂ ਤੇ ਆਗੂਆਂ ’ਚ ਨਾਰਾਜ਼ਗੀ ਨੂੰ ਹੀ ਵਧਾਏਗੀ। ਦੂਜੇ ਪਾਸੇ ਇਕ ਵਰਗ ਐੱਸਜੀਪੀਸੀ ਲਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾਏ ਜਾਣ ਦੇ ਹੱਕ ’ਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਸੰਯੁਕਤ ਦਾ ਦਬਦਬਾ ਸਿਰਫ਼ ਸੰਗਰੂਰ ਜ਼ਿਲ੍ਹੇ ’ਚ ਹੈ ਅਜਿਹੇ ’ਚ ਉਸੇ ਥਾਂ ਤੋਂ ਸੁਖਬੀਰ ਆਪਣਾ ਉਮੀਦਵਾਰ ਖੜ੍ਹਾ ਕਰਦੇ ਹਨ ਤਾਂ ਇਸ ਨਾਲ ਢੀਂਡਸਾ ਨੂੰ ਉਨ੍ਹਾਂ ਦੇ ਘਰ ’ਚ ਹੀ ਮਾਤ ਦਿੱਤੀ ਜਾ ਸਕਦੀ ਹੈ। ਪਰ ਜੋ ਲੋਕ ਪੁਰਾਣੇ ਆਗੂਆਂ ਦੇ ਅਕਾਲੀ ਦਲ ’ਚ ਜਾਣ ਤੋਂ ਦੁਖੀ ਹਨ ਉਹ ਚਾਹੁੰਦੇ ਹਨ ਕਿ ਬੀਬੀ ਜਗੀਰ ਕੌਰ ਨੂੰ ਹੀ ਮੁੜ ਇਸ ਅਹੁਦੇ ’ਤੇ ਲਾਇਆ ਜਾਵੇ। ਪਤਾ ਲੱਗਾ ਹੈ ਕਿ ਪਾਰਟੀ ਦੇ ਕਈ ਸੀਨੀਅਰ ਆਗੂ ਉਨ੍ਹਾਂ ਦੇ ਸੰਪਰਕ ’ਚ ਵੀ ਹਨ। ਬੀਬੀ ਜਗੀਰ ਕੌਰ ਨੇ ਇਸ ਮਾਮਲੇ ’ਚ ਸਪੱਸ਼ਟ ਜਵਾਬ ਤਾਂ ਨਹੀਂ ਦਿੱਤਾ ਪਰ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਐੱਸਜੀਪੀਸੀ, ਸ੍ਰੀ ਅਕਾਲ ਤਖ਼ਤ ਤੇ ਅਕਾਲੀ ਦਲ ਵਰਗੀਆਂ ਸੰਸਥਾਵਾਂ ਤੇ ਜਥੇਬੰਦੀਆਂ ਕਮਜ਼ੋਰ ਹੋਈਆਂ ਹਨ। ਇਨ੍ਹਾਂ ਨੂੰ ਮਜ਼ਬੂਤ ਕਰਨ ਵਾਲੀ ਆਵਾਜ਼ ਨੂੰ ਹੀ ਅੱਗੇ ਲਿਆਉਣਾ ਹੋਵੇਗਾ। ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਐੱਸਜੀਪੀਸੀ ਮੈਂਬਰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ। ਗ਼ੁਲਾਮ ਮਾਨਸਿਕਤਾ ਤੋਂ ਬਾਹਰ ਆਉਣ।






