ਯੂਟੀ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਨੇ ਸਥਾਨਕ ਖਿਡਾਰੀਆਂ ਨੂੰ ਵਧੇਰੇ ਮੌਕੇ ਦੇਣ ਲਈ ਨਵਾਂ ਫੈਸਲਾ ਲਿਆ ਹੈ। ਹੁਣ ਬਾਹਰਲੇ ਸੂਬਿਆਂ ਦੇ ਕ੍ਰਿਕਟਰਾਂ ਲਈ ਯੂਟੀਸੀਏ ‘ਚ ਦਾਖ਼ਲਾ ਆਸਾਨ ਨਹੀਂ ਹੋਵੇਗਾ। ਯੂਟੀ ਕ੍ਰਿਕਟ ਸੰਘ 2024-25 ਸੀਜ਼ਨ ਲਈ ਰਜਿਸਟ੍ਰੇਸ਼ਨ ਲਈ ਨਿਯਮਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਫੈਸਲਾ ਯੂਟੀ ਕ੍ਰਿਕਟ ਐਸੋਸੀਏਸ਼ਨ ਦੇ ਉੱਚ ਅਧਿਕਾਰੀਆਂ ਦੀ ਅਹਿਮ ਮੀਟਿੰਗ ‘ਚ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਯੋਗ ਖਿਡਾਰੀ 2024 ਦੇ ਸੀਜ਼ਨ ਲਈ 1 ਤੋਂ 15 ਮਾਰਚ ਤਕ ਯੂਟੀ ਕ੍ਰਿਕਟ ਐਸੋਸੀਏਸ਼ਨ ‘ਚ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਵਾਰ ਖਿਡਾਰੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਪਿਛਲੇ ਸਾਲ ਲਗਭਗ 1800 ਲੜਕਿਆਂ ਤੇ 100 ਤੋਂ ਵੱਧ ਮਹਿਲਾ ਕ੍ਰਿਕਟਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਲੜਕਿਆਂ ਲਈ ਅੰਡਰ-16 ‘ਚ 350 ਅਤੇ ਅੰਡਰ-19 ‘ਚ 400 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਲੜਕੀਆਂ ਦੀ ਅੰਡਰ-15, ਅੰਡਰ-19, ਅੰਡਰ-23 ਅਤੇ ਨੀਅਰ ਟੀਮਾਂ ਦੇ ਟਰਾਇਲ ਹੋਣਗੇ।
ਅਪ੍ਰੈਲ ਤੋਂ ਸ਼ੁਰੂ ਹੋਣਗੇ ਟਰਾਇਲ ਤੇ ਜ਼ੋਨਲ ਟੂਰਨਾਮੈਂਟ
ਇਸ ਵਾਰ UTCA ਦੇਸ਼ ਭਰ ਦੇ ਦੂਜੇ ਸੂਬਿਆਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨ ਲਈ ਦੋ ਮਹੀਨੇ ਪਹਿਲਾਂ ਆਪਣਾ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਮਾਰਚ ‘ਚ ਪੂਰੀ ਹੋ ਜਾਵੇਗੀ ਜਿਸ ਤੋਂ ਬਾਅਦ ਜੂਨੀਅਰ ਲੜਕੇ ਅਤੇ ਲੜਕੀਆਂ ਦੇ ਟਰਾਇਲ ਅਤੇ ਯੂਟੀਸੀਏ ਟੀਮਾਂ ਵਿਚਕਾਰ ਜ਼ੋਨਲ ਮੈਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤੇ ਜਾਣਗੇ। ਯੂਟੀਸੀਐਸ ਦੇ ਉੱਚ ਅਧਿਕਾਰੀਆਂ ਅਨੁਸਾਰ ਇਸ ਵਾਰ ਯੂਟੀਸੀਏ ਬੀਸੀਸੀਆਈ ਟੂਰਨਾਮੈਂਟ ਤੋਂ ਪਹਿਲਾਂ ਅਭਿਆਸ ਮੈਚਾਂ ਲਈ ਬਾਹਰੀ ਸੂਬਿਆਂ ਦੀਆਂ ਟੀਮਾਂ ਦੇ ਨਾਲ ਟੂਰਨਾਮੈਂਟ ‘ਚ ਆਪਣੀਆਂ ਟੀਮਾਂ ਭੇਜੇਗਾ।





