ਈ ਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਜਲੰਧਰ ਜ਼ੋਨਲ ਦਫ਼ਤਰ ਨੇ ਇਥੇ ਪਿੰਡ ਮਨਸੂਰਵਾਲ ਕਲਾਂ ਵਿੱਚ ਮਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਸ਼ਰਾਬ ਫੈਕਟਰੀ ਖ਼ਿਲਾਫ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ.ਏ.) 2002 ਤਹਿਤ ਵਾਤਾਵਰਨ ਅਪਰਾਧ ਨਾਲ ਸਬੰਧਤ ਕਾਰਵਾਈ ਕਰਦਿਆਂ 79.93 ਕਰੋੜ ਰੁਪਏ ਦੀ ਜ਼ਮੀਨ, ਇਮਾਰਤ, ਪਲਾਂਟ ਅਤੇ ਮਸ਼ੀਨਰੀ ਦੇ ਰੂਪ ਵਿੱਚ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ। ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਲਗਪਗ ਸਾਢੇ ਤਿੰਨ ਸਾਲ ਤੋਂ ਲੱਗੇ ਸਾਂਝੇ ਮੋਰਚੇ ਦੇ ਆਗੂਆਂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਫ਼ਤਹਿ ਸਿੰਘ ਢਿੱਲੋਂ ਤੇ ਗੁਰਦੀਪ ਦੀਪਾ ਸਨੇਰ ਨੇ ਦੱਸਿਆ ਕਿ ਈ ਡੀ ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਸ ਨੇ ਮਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵਿਰੁੱਧ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਾਇਰ ਅਪਰਾਧਿਕ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਹੈ। ਫੈਕਟਰੀ ਵੱਲੋਂ ਰਿਵਰਸ ਬੋਰਿੰਗ ਰਾਹੀਂ ਗੰਦੇ ਪਾਣੀ ਨੂੰ ਡੂੰਘੇ ਜਲਘਰਾਂ ਵਿੱਚ ਪਾ ਕੇ ਸੋਧਿਆ ਗਿਆ ਸੀ।
ਈ ਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਲਬਰੋਸ ਫੈਕਟਰੀ, ਜੋ ਪਿੰਡ ਮਨਸੂਰਵਾਲ, ਤਹਿਸੀਲ ਜ਼ੀਰਾ ਵਿਖੇ ਸਥਿਤ ਹੈ, ਵਿੱਚ ਜਾਣ-ਬੁੱਝ ਕੇ ਗੁਪਤ ਢੰਗ ਨਾਲ ਦੂਸ਼ਿਤ ਪਾਣੀ ਨੂੰ ਰਿਵਰਸ ਬੋਰਿੰਗ ਰਾਹੀਂ ਡੂੰਘੇ ਜਲ ਭੰਡਾਰਾਂ ਵਿਚ ਦਾਖਲ ਕਰਕੇ ਜ਼ਮੀਨ, ਨਾਲੀਆਂ ਅਤੇ ਨਾਲ ਲੱਗਦੀ ਖੰਡ ਮਿੱਲ ਵਿੱਚ ਵਾਰ-ਵਾਰ ਛੱਡ ਕੇ ਜ਼ਮੀਨੀ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਗਿਆ। ਇਸ ਨਾਲ ਫ਼ਸਲਾਂ ਦਾ ਨੁਕਸਾਨ ਤੇ ਪਸ਼ੂਆਂ ਦੀ ਮੌਤ ਤਾਂ ਹੋਈ ਹੀ ਸਗੋਂ ਇਸ ਦਾ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਦੀ ਸਿਹਤ ’ਤੇ ਗੰਭੀਰ ਅਸਰ ਪਿਆ।







