ਨਾਭਾ ਨਗਰ ਕੌਂਸਲ ਪ੍ਰਧਾਨ ਦੇ ਪਤੀ ਉੱਪਰ ਲੱਗੇ ਟਰਾਲੀ ਚੋਰੀ ਦੇ ਦੋਸ਼ਾਂ ਨੇ ਕੌਂਸਲ ਦੀ ਲੈਅ ਵਿਗਾੜ ਦਿੱਤੀ ਹੈ। ਹੁਣ ਮੀਤ ਪ੍ਰਧਾਨ ਜਸਦੀਪ ਸਿੰਘ ਖੰਨਾ ਦੇ ਕਾਰਜਕਾਲ ਦੀ ਸਮਾਪਤੀ ਮਗਰੋਂ ਇੱਕ ਨਵੇਂ ਕੌਂਸਲਰ ਦੇ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਬਣਨ ਦੇ ਚਰਚੇ ਹਨ। ਟਰਾਲੀ ਚੋਰੀ ਦੇ ਦੋਸ਼ਾਂ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਪਿਛਲੇ ਪੰਜ ਮਹੀਨੇ ਤੋਂ ਛੁੱਟੀ ’ਤੇ ਚੱਲ ਰਹੇ ਹਨ ਤੇ ਇਸ ਦੌਰਾਨ ਕੌਂਸਲ ਦੇ ਦੋ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਹਨ।
ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਲਈ ਨਾਭਾ ਐਸਡੀਐਮ ਨੂੰ ਕਨਵੀਨਰ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਗਰ ਕੌਂਸਲ ਪ੍ਰਧਾਨ ਦੀ ਪਰਿਵਾਰਕ ਦੁਕਾਨ ਵਿੱਚੋ ਸ਼ੰਭੂ ਮੋਰਚੇ ਤੋਂ ਕਥਿਤ ਚੋਰੀ ਕਿਸਾਨ ਟਰਾਲੀਆਂ ਦਾ ਸਾਮਾਨ ਮਿਲਣ ਮਗਰੋਂ ਨਾਭਾ ਨਗਰ ਕੌਂਸਲ ਵਿਵਾਦਾਂ ਵਿੱਚ ਆ ਗਈ ਤੇ ਕੌਂਸਲ ਪ੍ਰਧਾਨ ਦੇ ਅਸਤੀਫੇ ਦੀ ਮੰਗ ਉੱਠੀ।
ਇਸ ਦੌਰਾਨ ਸਤੰਬਰ ਮਹੀਨੇ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਾਰੇ ਕੌਂਸਲਰਾਂ ਸਾਹਮਣੇ ਮੀਡਿਆ ਨੂੰ ਬਿਆਨ ਦਿੱਤਾ ਸੀ ਕਿ ਕੌਂਸਲ ਪ੍ਰਧਾਨ ਦਾ ਅਸਤੀਫਾਉਨ੍ਹਾਂ ਕੋਲ ਪਹੁੰਚ ਗਿਆ ਹੈ। ਹਾਲਾਂਕਿ ਅਧਿਕਾਰੀਆਂ ਕੋਲ ਅਸਤੀਫੇ ਦੀ ਥਾਂ ਪ੍ਰਧਾਨ ਦੇ ਅਣਮਿੱਥੇ ਸਮੇ ਲਈ ਛੁੱਟੀ ’ਤੇ ਜਾਣ ਦਾ ਪੱਤਰ ਹੀ ਪਹੁੰਚਿਆ।
ਪ੍ਰਧਾਨ ਦੇ ਛੁੱਟੀ ’ਤੇ ਜਾਂਦੇ ਹੀ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ ਨੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸਾਂਭਿਆ ਪਰ ਨਵੰਬਰ ਦੇ ਪਹਿਲੇ ਹਫਤੇਉਨ੍ਹਾਂ ਨੇ ਅਸਪਸ਼ਟ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਜਿਸ ਕਾਰਨ ਮੀਤ ਪ੍ਰਧਾਨ ਜਸਦੀਪ ਖੰਨਾ ਦੇ ਮੋਢਿਆਂ ਉੱਪਰ ਕਾਰਜਕਾਰੀ ਪ੍ਰਧਾਨ ਦਾ ਭਾਰ ਆ ਗਿਆ।
ਇਸ ਦੌਰਾਨ ਨਵੰਬਰ ਮਹੀਨੇ ਕੌਂਸਲ ਦੇ ਕਾਰਜਸਾਧਕ ਅਫਸਰ ਦੀ ਕੋਠੀ ਦੀ ਬਗੀਚੀ ਦੀ ਜ਼ਮੀਨ ਹੇਠੋ ਟਰਾਲੀਆਂ ਦਾ ਕੁਝ ਹੋਰ ਸਾਮਾਨ ਬਰਾਮਦ ਹੋ ਜਾਂਦਾ ਹੈ ਜਿਸ ਮਗਰੋਂ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਤੇ ਉਨ੍ਹਾਂ ਦੇ ਪਤੀ ਪੰਕਜ ਪੱਪੂ ਨੂੰ ਪਾਰਟੀ ਵਿੱਚੋ ਮੁਅੱਤਲ ਕਰ ਦਿੱਤਾ।
ਹੁਣ ਮੀਤ ਪ੍ਰਧਾਨ ਦੇ ਕਾਰਜਕਾਲ ਖ਼ਤਮ ਹੋਣ ਨਾਲ ਨਾਭਾ ਨਗਰ ਕੌਂਸਲ ਦੀ ਪ੍ਰਧਾਨਗੀ ਮੁੜ ਚਰਚਾ ਵਿੱਚ ਹੈ। ਦੂਜੇ ਪਾਸੇ ਨਾਭਾ ਐਸਡੀਐਮ ਕੰਨੁ ਗਰਗ ਛੁੱਟੀ ’ਤੇ ਚਲੇ ਗਏ ਹਨ ਤੇ ਏਡੀਸੀ ਇਸਮਤ ਵਿਜੇ ਨੂੰ ਨਾਭਾ ਐਸਡੀਐਮ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇੱਕ ਅਧਿਕਾਰੀ ਮੁਤਾਬਕ ਕੁਝ ਹੀ ਦਿਨਾਂ ਵਿੱਚ ਨਗਰ ਕੌਂਸਲ ਦੀ ਮੀਟਿੰਗ ਬੁਲਾਈ ਜਾਵੇਗੀ ਅਤੇ ਨਵੇਂ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਹੋਵੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਸੁਜਾਤਾ ਚਾਵਲਾ ਛੁੱਟੀ ਤੋਂ ਵਾਪਸ ਨਾ ਆਏ ਤਾਂ ਅਗਲਾ ਸੀਨੀਅਰ ਮੀਤ ਪ੍ਰਧਾਨ ਹੀ ਨਾਭਾ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਵੀ ਹੋਵੇਗਾ। ਇਸ ਵਿਚਾਲੇ ਇਹ ਵੀ ਗੌਰ ਕਰਨ ਯੋਗ ਹੈ ਕਿ ਪੂਰੀ ਨਗਰ ਕੌਂਸਲ ਦਾ ਕਾਰਜਕਾਲ ਆਉਂਦੇ ਮਾਰਚ ਮਹੀਨੇ ਖ਼ਤਮ ਹੋ ਜਾਵੇਗਾ।







