Jalandhar Police Slap: ਜਲੰਧਰ ‘ਚ ਚਾਲਾਨ ਕੱਟਣ ਦੌਰਾਨ ਇੱਕ ਪੁਲੀਸ ਮੁਲਾਜ਼ਮ ਵਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਘਟਨਾ ਜਲੰਧਰ ਦੇ ਪਰਾਗਪੁਰ ਨੇੜੇ ਹਾਈਵੇਅ (ਪਠਾਨਕੋਟ ਚੌਂਕ ਫਗਵਾੜਾ ਰੋਡ ਬਾਈਪਾਸ) ਦੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਪੁਲੀਸ ਨੇ ਤੁਰੰਤ ਐਕਸ਼ਨ ਲੈਂਦਿਆਂ ਪੁਲੀਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਟਰੱਕ ਚਾਲਕ ਦੀ ਪਛਾਣ ਬਠਿੰਡਾ ਨੇੜਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਜਲੰਧਰ ਬਾਈਪਾਸ-ਫਗਵਾੜਾ ਰੋਡ ‘ਤੇ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ, ਜਦੋਂ ਪੁਲੀਸ ਕਰਮਚਾਰੀ ਨੇ ਉਸ ਨੂੰ ਰੋਕਿਆ ਅਤੇ ਪੈਸਿਆਂ ਦੀ ਮੰਗ ਕੀਤੀ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦਾ ਓਵਰਲੋਡਿੰਗ ਦਾ ਚਾਲਾਨ ਕੱਟ ਦਿੱਤਾ ਗਿਆ।
ਜਦੋਂ ਮਨਪ੍ਰੀਤ ਨੇ ਇਸ ਪੂਰੀ ਘਟਨਾ ਦੀ ਵੀਡੀਓ ਆਪਣੇ ਮੋਬਾਈਲ ‘ਤੇ ਰਿਕਾਰਡ ਕਰਨੀ ਸ਼ੁਰੂ ਕੀਤੀ ਤਾਂ ਪੁਲੀਸ ਮੁਲਾਜ਼ਮ ਨੇ ਉਸ ਦਾ ਮੋਬਾਈਲ ਖੋਹ ਲਿਆ। ਜਦੋਂ ਮਨਪ੍ਰੀਤ ਆਪਣਾ ਮੋਬਾਈਲ ਅਤੇ ਆਰ.ਸੀ. ਵਾਪਸ ਲੈਣ ਲੱਗਾ ਤਾਂ ਪੁਲੀਸ ਵਾਲੇ ਨੇ ਉਸ ਦੇ ਥੱਪੜ ਜੜ ਦਿੱਤਾ।
ਮਨਪ੍ਰੀਤ ਨੇ ਦੱਸਿਆ ਕਿ ਉਹ ਗੁਜਰਾਤ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ 3 ਹਜ਼ਾਰ ਕਿਲੋਮੀਟਰ ਟਰੱਕ ਚਲਾ ਕੇ ਆਇਆ ਸੀ, ਪਰ ਜਲੰਧਰ ਪਹੁੰਚ ਕੇ ਉਸ ਦਾ ਚਾਲਾਨ ਕੱਟ ਦਿੱਤਾ ਗਿਆ। ਉਸ ਨੇ ਸਵਾਲ ਚੁੱਕਿਆ ਕਿ ਚਾਲਾਨ ਕੱਟਣਾ ਪੁਲੀਸ ਦੀ ਕਾਰਵਾਈ ਹੋ ਸਕਦੀ ਹੈ, ਪਰ ਕੀ ਇਸ ਦਾ ਵਿਰੋਧ ਕਰਨ ‘ਤੇ ਥੱਪੜ ਮਾਰਨਾ ਠੀਕ ਹੈ? ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪੁਲੀਸ ਵਿਭਾਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।






