ਭਾਰਤੀ ਜਨਤਾ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ 18 ਸਤੰਬਰ ਤੋਂ ਪੰਜਾਬ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਕੀਤੀ ਜਾਵੇਗੀ। ਪੰਜਾਬ ਦੇ ਚਾਰ ਵੱਖ-ਵੱਖ ਧਾਰਮਿਕ/ਇਤਿਹਾਸਕ ਥਾਵਾਂ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਵਿੱਚ ਸਭ ਤੋਂ ਅੱਗੇ ਚਾਰ ਵੱਡੇ ਰਥ ਚੱਲਣਗੇ। ਭਾਜਪਾ ਦੇ ਕੌਮੀ ਪ੍ਰਧਾਨ 18 ਸਤੰਬਰ ਨੂੰ ਪਠਾਨਕੋਟ ਦੇ ਏਕਤਾ ਸਥਲ ਤੋਂ ਯਾਤਰਾ ਦੇ ਮੁੱਖ ਰਥ ਨੂੰ ਹਰੀ ਝੰਡੀ ਦਿਖਾਉਣਗੇ। ਯਾਤਰਾ ਦੀ ਸਮਾਪਤੀ ਜਲੰਧਰ ਵਿਖੇ ਹੋਵੇਗੀ ਅਤੇ ਸਮਾਪਤੀ ਸਮਾਗਮਾਂ ਵਿੱਚ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ।
ਭਾਜਪਾ ਇਸ ਯਾਤਰਾ ਜ਼ਰੀਏ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ੇਗੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦਾ ਮੁੱਢ ਇਸ ਯਾਤਰਾ ਉਪਰੰਤ ਹੀ ਬੱਝ ਸਕਦਾ ਹੈ। ਅਹਿਮ ਸੂਤਰ ਦੱਸਦੇ ਹਨ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਸੂਬਾਈ ਲੀਡਰਸ਼ਿਪ ਨੂੰ 117 ਸੀਟਾਂ ‘ਤੇ ਤਿਆਰੀ ਕਰਨ ਲਈ ਕਿਹਾ ਹੈ। ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਯਾਤਰਾ ਦਾ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਨਾਅਰਾ ਦਿੱਤਾ ਗਿਆ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਇੱਕ ਯਾਤਰਾ 19 ਸਤੰਬਰ ਨੂੰ ਸ਼ੁਰੂ ਹੋਵੇਗੀ।
ਇਸੇ ਤਰ੍ਹਾਂ ਸਾਦਕੀ ਬਾਰਡਰ (ਫ਼ਾਜ਼ਿਲਕਾ) ਤੋਂ 20 ਸਤੰਬਰ ਨੂੰ ਯਾਤਰਾ ਚੱਲੇਗੀ ਅਤੇ 21 ਸਤੰਬਰ ਨੂੰ ਤਖ਼ਤ ਦਮਦਮਾ ਸਾਹਿਬ ਤੋਂ ਯਾਤਰਾ ਰਵਾਨਾ ਹੋਵੇਗੀ। ਚਾਰ ਯਾਤਰਾਵਾਂ ਅਲੱਗ-ਅਲੱਗ ਥਾਵਾਂ ਤੋਂ ਸ਼ੁਰੂ ਹੋਣਗੀਆਂ ਅਤੇ ਇਨ੍ਹਾਂ ਦੀ ਸਮਾਪਤੀ 30 ਸਤੰਬਰ ਨੂੰ ਜਲੰਧਰ ਵਿਖੇ ਹੋਵੇਗੀ। ਭਾਜਪਾ ਦੀ ਇਹ ਯਾਤਰਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ ਅਤੇ 3 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਣ ਦਾ ਭਾਜਪਾ ਨੇ ਟੀਚਾ ਤੈਅ ਕੀਤਾ ਹੈ। ਪਾਰਟੀ ਆਗੂਆਂ ਦਾ ਇੱਕ ਵਫ਼ਦ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕਰਨ ਜਾਵੇਗਾ।
ਭਾਜਪਾ ਦੀ ਯਾਤਰਾ ਵਿੱਚ ਕੇਂਦਰੀ ਮੰਤਰੀ, ਵੱਡੀਆਂ ਸਿਆਸੀ ਹਸਤੀਆਂ ਤੋਂ ਇਲਾਵਾ ਫ਼ਿਲਮੀ ਸਿਤਾਰੇ ਵੀ ਸ਼ਾਮਲ ਹੋਣਗੇ। ਪੰਜਾਬ ਵਿੱਚੋਂ ਨਸ਼ਾ ਪੀੜਤ ਪਰਿਵਾਰਾਂ ਨੂੰ ਇਸ ਯਾਤਰਾ ਦਾ ਹਿੱਸਾ ਬਣਾਇਆ ਜਾਵੇਗਾ। ਹਰ ਯਾਤਰਾ ਵਿੱਚ ਮੁੱਖ ਰਥ ਚੱਲੇਗਾ ਜਿਸ ਉੱਤੇ ਨਸ਼ਾ ਵਿਰੋਧੀ ਨਾਅਰੇ ਲਿਖੇ ਹੋਣਗੇ ਅਤੇ ਰਥ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਢਿੱਲੋਂ ਦੀ ਤਸਵੀਰ ਹੋਵੇਗੀ। ਯਾਤਰਾ ਦੌਰਾਨ ਭਾਜਪਾ ਸੰਕਲਪ ਪੱਤਰ ਵੰਡੇਗੀ ਅਤੇ ਪੂਰੇ ਪੰਜਾਬ ਵਿੱਚ ਸਰਕਾਰ ਵਿਰੋਧੀ ਪੋਸਟਰ ਲਾਏਗੀ।
ਯਾਤਰਾ ਦੌਰਾਨ ਹੀ ਭਾਜਪਾ ਆਗੂ ਨਸ਼ਾ ਛੁਡਾਊ ਕੇਂਦਰਾਂ ਦੇ ਦੌਰੇ ਵੀ ਕਰਨਗੇ। ਭਾਜਪਾ ਨੇ ਯਾਤਰਾ ਦੇ ਸੰਚਾਲਨ ਲਈ 30 ਵਿਸ਼ੇਸ਼ ਵਿਭਾਗ ਬਣਾਏ ਹਨ। ਭਾਜਪਾ ਮੀਡੀਆ ਨਾਲ ਵਿਸ਼ੇਸ਼ ਰਾਬਤਾ ਕਾਇਮ ਕਰੇਗੀ। ਭਾਜਪਾ ਇਸ ਯਾਤਰਾ ਦੇ ਰਾਹੀਂ ਪਾਰਟੀ ਦੇ ਪੱਖ ਵਿੱਚ ਇੱਕ ਜਨ ਅੰਦੋਲਨ ਖੜ੍ਹਾ ਕਰਨ ਦੇ ਰੌਂਅ ਵਿੱਚ ਹੈ। ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਇਸ ਰਥ ਯਾਤਰਾ ਨੂੰ ਕਿਵੇਂ ਹੁੰਗਾਰਾ ਦਿੰਦੇ ਹਨ। ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਇਸ ਯਾਤਰਾ ਦੀ ਸਮੁੱਚੀ ਰੂਪ-ਰੇਖਾ ਅਤੇ ਰਣਨੀਤੀ ਬਾਰੇ 13 ਸਤੰਬਰ ਨੂੰ ਖ਼ੁਲਾਸਾ ਕੀਤਾ ਜਾਵੇਗਾ।
ਨਸ਼ਿਆਂ ਖ਼ਿਲਾਫ਼ ਖੜ੍ਹਾ ਕਰਾਂਗੇ ਜਨ ਅੰਦੋਲਨ: ਕੇਵਲ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਇਹ ਯਾਤਰਾ ਪੰਜਾਬ ਨੂੰ ਨਸ਼ਿਆਂ ਖ਼ਿਲਾਫ਼ ਜਗਾਏਗੀ ਅਤੇ ਸਮੁੱਚੇ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁੱਟ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨੂੰ ਠੱਲ੍ਹਣ ਵਿੱਚ ਫ਼ੇਲ੍ਹ ਰਹੀ ਹੈ ਅਤੇ ਹੁਣ ਭਾਜਪਾ ਨਸ਼ਿਆਂ ਖ਼ਿਲਾਫ਼ ਇੱਕ ਜਨ ਅੰਦੋਲਨ ਖੜ੍ਹਾ ਕਰੇਗੀ। ਢਿੱਲੋਂ ਨੇ ਦੱਸਿਆ ਕਿ ਜਿਹੜੇ ਪਰਿਵਾਰ, ਮੁਹੱਲੇ ਜਾਂ ਪਿੰਡ ਨਸ਼ਿਆਂ ਦੀ ਮਾਰ ਸਭ ਤੋਂ ਵੱਧ ਝੱਲ ਰਹੇ ਹਨ, ਉਨ੍ਹਾਂ ਨੂੰ ਯਾਤਰਾ ਦਾ ਹਿੱਸਾ ਬਣਾਇਆ ਜਾਵੇਗਾ।






