ਸੂਬਾ ਇੰਚਾਰਜਾਂ ਦੀ ਨਿਯੁਕਤੀ ਤੋਂ ਇੱਕ ਦਿਨ ਬਾਅਦ, ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਅਹਿਮ ਚੋਣ ਸੂਬਿਆਂ ਵਿੱਚ ਜਥੇਬੰਦੀ ਦੀ ਅਗਵਾਈ ਕਰਨ ਲਈ ਆਰਐੱਸਐੱਸ (RSS) ਆਗੂਆਂ ਦੇ ਨਾਂਅ ਐਲਾਨੇ ਹਨ।
ਸ਼੍ਰੀਨਿਵਾਸੁਲੂ ਨੂੰ ਚੋਣਾਂ ਵਾਲੇ ਸੂਬੇ ਪੰਜਾਬ ਲਈ ਭਾਜਪਾ ਦੇ ਸੂਬਾ ਜਨਰਲ ਸਕੱਤਰ (ਜਥੇਬੰਦੀ) ਵਜੋਂ ਬਰਕਰਾਰ ਰੱਖਿਆ ਗਿਆ ਹੈ ਅਤੇ ਉਹ ਚੰਡੀਗੜ੍ਹ ਦੀ ਜ਼ਿੰਮੇਵਾਰੀ ਵੀ ਦੇਖਣਗੇ। ਹਿਮਾਚਲ ਪ੍ਰਦੇਸ਼ ਤੋਂ ਆਰਐੱਸਐੱਸ ਆਗੂ ਪਵਨ ਰਾਣਾ ਨੂੰ ਹਰਿਆਣਾ ਅਤੇ ਦਿੱਲੀ ਵਿੱਚ ਸੂਬਾ ਜਨਰਲ ਸਕੱਤਰ (ਜਥੇਬੰਦੀ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਆਰਐੱਸਐੱਸ ਦੇ ਸੀਨੀਅਰ ਆਗੂ ਸਿਧਾਰਥਨ ਭਾਜਪਾ ਜਥੇਬੰਦੀ ਦੇ ਕੰਮਕਾਜ ਨੂੰ ਸੰਭਾਲਣਾ ਜਾਰੀ ਰੱਖਣਗੇ।
ਰਾਸ਼ਟਰੀ ਪੱਧਰ ’ਤੇ, ਰਾਸ਼ਟਰੀ ਸਹਿ-ਜਨਰਲ ਸਕੱਤਰ (ਜਥੇਬੰਦੀ) ਸ਼ਿਵ ਪ੍ਰਕਾਸ਼, ਜੋ ਬੀ.ਐੱਲ. ਸੰਤੋਸ਼ ਦੀ ਸਹਾਇਤਾ ਕਰਦੇ ਹਨ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਗੋਆ ਦੇ ਸੂਬਿਆਂ ਦੀ ਦੇਖਭਾਲ ਕਰਨਗੇ। ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਦੀ ਜ਼ਿੰਮੇਵਾਰੀ ਭਾਜਪਾ ਦੇ ਦੂਜੇ ਸਹਿ-ਜਨਰਲ ਸਕੱਤਰ (ਜਥੇਬੰਦੀ) ਸੌਦਾਨ ਸਿੰਘ ਦੇਖਣਗੇ, ਜੋ ਹੁਣ ਤੱਕ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਰਗੇ ਉੱਤਰੀ ਸੂਬਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਚੋਣਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ਦੀ ਦੇਖਰੇਖ ਆਰਐੱਸਐੱਸ ਵੱਲੋਂ ਧਰਮਪਾਲ ਕਰਨਗੇ। ਇਨ੍ਹਾਂ 22 ਨਵੀਆਂ ਨਿਯੁਕਤੀਆਂ ਵਿੱਚ ਸਾਰੇ ਸੀਨੀਅਰ ਆਰਐੱਸਐੱਸ ਆਗੂ ਸ਼ਾਮਲ ਹਨ, ਜੋ ਸੰਘ ਪਰਿਵਾਰ ਵਿੱਚ ਸਭ ਕੁਝ ਠੀਕ-ਠਾਕ ਹੋਣ ਦਾ ਸੰਕੇਤ ਦਿੰਦੇ ਹਨ। ਭਾਜਪਾ ਦੇ ਜਥੇਬੰਦਕ ਢਾਂਚੇ ਵਿੱਚ ਜਨਰਲ ਸਕੱਤਰ (ਜਥੇਬੰਦੀ) ਦਾ ਅਹੁਦਾ ਆਰਐੱਸਐੱਸ ਆਗੂਆਂ ਕੋਲ ਹੁੰਦਾ ਹੈ।






