ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮੈਟਾ ਪਲੇਟਫਾਰਮਸ ਨੂੰ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੋਸਟ ਕੀਤੀ ਗਈ ਇਕ ਔਰਤ ਦੀ ਮਾਰਫ਼ਡ (ਛੇੜਛਾੜ ਕਰਕੇ ਬਣਾਈ ਗਈ) ਤਸਵੀਰ ਵਾਲੀ ਇਤਰਾਜ਼ਯੋਗ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਗਿਰੀਸ਼ ਕਠਪਾਲੀਆ ਨੇ ਟਿੱਪਣੀ ਕੀਤੀ ਕਿ ਇਹ ਇਕ ਅਸਾਧਾਰਨ ਸਥਿਤੀ ਹੈ ਜਿਸ ਵਿੱਚ ਮਾਮਲਾ ਸਿਰਫ਼ ਇਕ ਔਰਤ ਦਾ ਹੀ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲੀਸ ਇਸ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ, ਤਾਂ ਅਦਾਲਤ ਇਹ ਯਕੀਨੀ ਬਣਾਏਗੀ ਕਿ ਉਹ ਸੰਵੇਦਨਸ਼ੀਲ ਬਣੇ।
ਹਾਈ ਕੋਰਟ ਨੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂਆਂ ਸੌਰਵ ਦਾਸ, ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਅਤੇ ਰਤਨਾ ਸਿੰਘ ਨੂੰ ਵੀ ਔਰਤ ਦੀ ਉਸ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਉਸ ਦੀ ਮਾਰਫ਼ਡ ਕੀਤੀ ਗਈ ਅਸ਼ਲੀਲ ਤਸਵੀਰ ਫੈਲਾਈ ਸੀ।
ਅਦਾਲਤ ਨੇ ਪੁਲੀਸ ਨੂੰ ਉਸ ਔਰਤ ਨੂੰ ਪੂਰੀ ਪੁਲੀਸ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨੇ ਦੱਸਿਆ ਸੀ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਗਲੀ ਸੁਣਵਾਈ ਲਈ ਮਾਮਲਾ 14 ਅਕਤੂਬਰ ਨੂੰ ਸੂਚੀਬੱਧ ਕੀਤਾ ਗਿਆ ਹੈ।
ਔਰਤ ਦੀ ਪਟੀਸ਼ਨ ਵਿੱਚ ਸੀ ਜੇ ਪੀ ਆਗੂਆਂ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਉਸ ਦੀਆਂ ਡੀਪਫੇਕ ਅਸ਼ਲੀਲ ਤਸਵੀਰਾਂ ਬਣਾਉਣ ਅਤੇ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ।
ਉਸ ਦੇ ਵਕੀਲ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਐੱਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਉਨ੍ਹਾਂ ਦਲੀਲ ਦਿੱਤੀ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਵਾਇਰਲ ਡੀਪਫੇਕ ਲਿੰਕਾਂ ਨੂੰ ਤੁਰੰਤ ਹਟਾਉਣ ਜਾਂ ਬਲਾਕ ਕਰਨ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਪਟੀਸ਼ਨ ਵਿੱਚ ਕਿਹਾ ਗਿਆ ਹੈ, “ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਸੀ ਜੇ ਪੀ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ, ਉੱਤਰਦਾਤਾ ਨੰਬਰ 2 ਤੋਂ 5 (ਸੀ ਜੇ ਪੀ ਆਗੂਆਂ) ਨੇ ਆਪਣੇ ਸਰਗਰਮ ਸਾਥੀਆਂ ਨਾਲ ਮਿਲ ਕੇ ਅਣਅਧਿਕਾਰਤ ਤੌਰ ‘ਤੇ ਪਟੀਸ਼ਨਰ ਦੀ ਨਿੱਜੀ ਤਸਵੀਰ ਹਾਸਲ ਕੀਤੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਫੇਸ-ਸਵੈਪਿੰਗ ਟੂਲਸ ਦੀ ਵਰਤੋਂ ਕਰਕੇ ਉਸ ਦੇ ਚਿਹਰੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਬਹੁਤ ਹੀ ਅਸ਼ਲੀਲ ਅਤੇ ਇਤਰਾਜ਼ਯੋਗ ਤਸਵੀਰ ‘ਤੇ ਮਾਰਫ਼ ਕਰ ਦਿੱਤਾ।”






