Sri Guru Singh Sabha BC Canada: ਕੈਨੇਡਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਰ ਦੀ ਡਿੱਕੀ ਵਿੱਚ ਰੱਖ ਕੇ ਲੈ ਜਾਣ ਨਾਲ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਹੈ ਅਤੇ ਇਸ ਮਾਮਲੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਬੀ.ਸੀ. ਕੈਨੇਡਾ ਨੂੰ ਸਪੱਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਹੈ।
ਬੁਲਾਰੇ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਣਕਾਰੀ ਪੁੱਜੀ ਕਿ ਬੀਤੇ ਦਿਨੀਂ ਟੋਰਾਂਟੋ ਕੈਨੇਡਾ ਤੋਂ ਕੁਝ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ, ਸਰੀ, ਬੀ.ਸੀ., ਕੈਨੇਡਾ ਪਹੁੰਚੇ ਸਨ। ਇਸ ਮੌਕੇ ਪਾਵਨ ਬੀੜਾਂ ਲੈ ਕੇ ਜਾਣ ਵਾਲੀ ਗੱਡੀਆਂ ਦੀ ਮਰਿਆਦਾ ’ਤੇ ਗੁਰੂ ਸਾਹਿਬ ਜੀ ਦੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਬੀੜਾਂ ਦੇਣ ਦੀ ਆਗਿਆ ਕੀਤੇ ਜਾਣ ਸਬੰਧੀ ਘਟਨਾ ਸਾਹਮਣੇ ਆਈ ਹੈ।
ਸਥਾਨਕ ਸੰਗਤ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਉਪਰੰਤ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਮੁੜ ਬਿਰਾਜਮਾਨ ਕਰਵਾਏ ਗਏ। ਇਸ ਘਟਨਾ ਕਾਰਨ ਸਿੱਖ ਸੰਗਤ ਦੇ ਮਨਾਂ ਵਿੱਚ ਰੋਸ ਪੈਦਾ ਹੋਇਆ ਹੈ। ਭਾਵੇਂ ਗੁਰਦੁਆਰਾ ਸਾਹਿਬ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਸਪੱਸ਼ਟੀਕਰਨ ਅਤੇ ਸੰਗਤ ਪਾਸੋਂ ਖਿਮਾ ਜਾਚਨਾ ਜਨਤਕ ਕੀਤੀ ਗਈ ਹੈ, ਪਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਬੀ.ਸੀ. ਕੈਨੇਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਹੋਈ ਅਣਗਹਿਲੀ ਸਬੰਧੀ ਉਹ ਆਪਣਾ ਲਿਖਤੀ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸਕੱਤਰੇਤ ਵਿਖੇ ਭੇਜਣ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਬੀ.ਸੀ. ਕੈਨੇਡਾ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਹੁੰਚੇ ਹਨ, ਉਨ੍ਹਾਂ ਦੀ ਮੁਕੰਮਲ ਵੇਰਵੇ ਸਹਿਤ ਜਾਣਕਾਰੀ ਵੀ ਸਕੱਤਰੇਤ ਵਿਖੇ ਭੇਜੀ ਜਾਵੇ। ਗੁਰਦੁਆਰਾ ਪ੍ਰਬੰਧਕਾਂ ਨੂੰ ਇਹ ਸਪੱਸ਼ਟ ਕਰਨ ਦੇ ਆਦੇਸ਼ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਪਾਵਨ ਬੀੜਾਂ ਵਿੱਚੋਂ ਕਿੰਨੀਆਂ ਸੰਗਤ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ, ਕਿੰਨੀਆਂ ਗੁਰਦੁਆਰਾ ਸਾਹਿਬ ਕੋਲ ਮੌਜੂਦ ਹਨ ਅਤੇ ਸੰਗਤ ਵੱਲੋਂ ਹੋਰ ਕਿੰਨੇ ਪਾਵਨ ਸਰੂਪਾਂ ਦੀ ਮੰਗ ਕੀਤੀ ਜਾ ਰਹੀ ਹੈ।






