ਕੈਨੇਡਾ ਵਾਸੀਆਂ ਦੀ ਸਹੂਲਤ ਲਈ ਅੱਜ ‘ਵਿਸ਼ਵ ਪੰਜਾਬੀ ਭਵਨ’, ਬਰੈਂਪਟਨ ਵਿਖੇ ਪੁਸਤਕ ਪ੍ਰਦਰਸ਼ਨੀ ਆਰੰਭ ਹੋ ਗਈ ਹੈ। ਚੇਤਨਾ ਪ੍ਰਕਾਸ਼ਨ (ਪੰਜਾਬੀ ਭਵਨ, ਲੁਧਿਆਣਾ) ਵੱਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ 2000 ਤੋਂ ਵੱਧ ਟਾਈਟਲ ਰੱਖੇ ਗਏ ਹਨ, ਜਿਨ੍ਹਾਂ ਵਿੱਚ ਜਸਵੰਤ ਸਿੰਘ ਕੰਵਲ, ਮਨਮੋਹਨ ਬਾਵਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਗਿੱਲ, ਵਰਿਆਮ ਸਿੰਘ ਸੰਧੂ ਅਤੇ ਸੰਤ ਸਿੰਘ ਸੇਖੋਂ ਸਮੇਤ ਨਵੇਂ ਲੇਖਕਾਂ ਦੀਆਂ ਦਰਜਨਾਂ ਪੁਸਤਕਾਂ ਸ਼ਾਮਲ ਹਨ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਪਾਕਿਸਤਾਨੀ ਪੰਜਾਬ ਦੇ ਨਾਮਵਰ ਪੰਜਾਬੀ ਸ਼ਾਇਰ ਬਾਬਾ ਨਜ਼ਮੀ, ਪੰਜਾਬੀ ਸਭਾ ਦੇ ਚੇਅਰਮੈਨ ਦਲਵੀਰ ਸਿੰਘ ਕਥੂਰੀਆ, ਡਾ. ਜਗਦੀਪ ਸਿੰਘ, ਐਕਸਾਈਜ਼ ਕਮਿਸ਼ਨਰ ਗੁਰਤੇਜ ਸਿੰਘ, ਗਾਇਕ ਹੁਸਨੈਨ ਲਾਹੌਰ, ਜਸਵਿੰਦਰ ਬਿੱਟਾ, ਕੰਵਲਜੀਤ ਸਿੰਘ ਅਤੇ ਸਤੀਸ਼ ਗੁਲਾਟੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪੰਜਾਬੀ ਪਾਠਕਾਂ ਨੇ ਆਪਣੇ ਮਨਪਸੰਦ ਲੇਖਕਾਂ ਦੀਆਂ ਕਿਤਾਬਾਂ ਖ਼ਰੀਦੀਆਂ।
ਸਤੀਸ਼ ਗੁਲਾਟੀ ਨੇ ਦੱਸਿਆ ਕਿ ਉਹ ਸਾਰੇ ਲੇਖਕਾਂ ਅਤੇ ਵੱਖ-ਵੱਖ ਪ੍ਰਕਾਸ਼ਨਾਂ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਲੈ ਕੇ ਇੱਥੇ ਹਾਜ਼ਰ ਹੋਏ ਹਨ। ਨਾਮੀ ਲੇਖਕਾਂ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਪੁਸਤਕਾਂ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਪੰਜਾਬੀ ਕਾਨਫ਼ਰੰਸ ਦੇ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਉਂਦੇ ਹਨ। ਪਿਛਲੇ ਸਾਲ ਉਹ ਨਹੀਂ ਆ ਸਕੇ ਸਨ, ਪਰ ਸਾਰਾ ਸਾਲ ਪਾਠਕਾਂ ਦੇ ਫ਼ੋਨ ਆਉਂਦੇ ਰਹੇ। ਕੈਨੇਡਾ ਵਸਦੇ ਪੰਜਾਬੀ ਚਾਹੁੰਦੇ ਹਨ ਕਿ ਉਨ੍ਹਾਂ ਲਈ ਹਰ ਸਾਲ ਇਹ ਪ੍ਰਦਰਸ਼ਨੀ ਲਗਦੀ ਰਹੇ। ਉਨ੍ਹਾਂ ਕਿਹਾ ਕਿ ਪੁਸਤਕਾਂ ਮਨੁੱਖ ਦੀ ਰੂਹ ਦੀ ਖ਼ੁਰਾਕ ਅਤੇ ਗਿਆਨ ਦਾ ਅਥਾਹ ਭੰਡਾਰ ਹਨ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 11 ਅਕਤੂਬਰ ਤੱਕ ਜਾਰੀ ਰਹੇਗੀ।
ਇਸ ਮੌਕੇ ਗੁਰਤੇਜ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਕਿਤਾਬਾਂ ਪਹੁੰਚਾਉਣਾ ਅਤੇ ਕੈਨੇਡਾ ਵਸਦੇ ਪੰਜਾਬੀਆਂ ਨੂੰ ਭਾਸ਼ਾ ਤੇ ਪੰਜਾਬੀ ਸਾਹਿਤ ਨਾਲ ਜੋੜ ਕੇ ਰੱਖਣਾ ‘ਚੇਤਨਾ ਪ੍ਰਕਾਸ਼ਨ’ ਦਾ ਬਹੁਤ ਵੱਡਾ ਉਪਰਾਲਾ ਹੈ।
ਦਲਵੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਭਵਨ ਵਿੱਚ 2 ਅਕਤੂਬਰ ਤੋਂ 4 ਅਕਤੂਬਰ ਤੱਕ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਕਰਵਾਈ ਜਾ ਰਹੀ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਕਿਤਾਬਾਂ ਪ੍ਰਾਪਤ ਕਰਨ ਅਤੇ ਵਿਦਵਾਨਾਂ ਦੇ ਵਿਚਾਰ ਸੁਣਨ ਦਾ ਸੱਦਾ ਦਿੱਤਾ।
ਸ਼ਾਇਰ ਬਾਬਾ ਨਜ਼ਮੀ ਨੇ ਆਖਿਆ ਕਿ ਦੋਵਾਂ ਪੰਜਾਬਾਂ ਨੂੰ ਪੰਜਾਬੀ ਸੱਭਿਆਚਾਰ ਤੇ ਬੋਲੀ ਨੇ ਪਰੋ ਕੇ ਰੱਖਿਆ ਹੋਇਆ ਹੈ। ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਵਿਸ਼ਵ ਪੱਧਰ ’ਤੇ ਅਜਿਹੀਆਂ ਕਾਨਫ਼ਰੰਸਾਂ ਕਰਵਾਉਂਦੇ ਰਹਿਣ। ਸੰਸਾਰ ਵਿੱਚ ਪੰਜਾਬੀ ਬੋਲਣ ਵਾਲੇ 14 ਕਰੋੜ ਲੋਕ ਹਨ ਅਤੇ ਇੱਕ ਸਮਾਂ ਆਵੇਗਾ ਜਦੋਂ ਸਾਰੇ ਪੰਜਾਬੀ ਇੱਕ ਧਾਰਾ ਵਿੱਚ ਵਗਣ ਲੱਗ ਪੈਣਗੇ। ਅਖ਼ੀਰ ਵਿੱਚ ਡਾ. ਜਗਦੀਪ ਸਿੰਘ ਨੇ ਪ੍ਰਦਰਸ਼ਨੀ ਵਿੱਚ ਪੁੱਜੇ ਸਾਰੇ ਮਹਿਮਾਨਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ।






