ਇਜ਼ਰਾਇਲੀ ਨਿਊਜ਼ ਵੈੱਬਸਾਈਟ ‘ਵਾਈਨੈੱਟ’ (Ynet) ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਫਲਾਈਦੁਬਈ ਦੀ ਇੱਕ ਉਡਾਣ ਦਾ ਕੈਪਟਨ ਭਾਰਤੀ ਨਾਗਰਿਕ ਸੀ, ਜਿਸਦੀ ਕਾਕਪਿਟ ਵਿੱਚ ਝਗੜੇ ਦੌਰਾਨ ਆਪਣੇ ਕੋ-ਪਾਇਲਟ ਨਾਲ ਹਿੰਸਕ ਝੜਪ ਹੋਈ। ਇਸ ਕਾਰਨ ਜਹਾਜ਼ ਨੂੰ ਸਾਊਦੀ ਅਰਬ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ।
ਇਜ਼ਰਾਇਲੀ ਅਧਿਕਾਰੀਆਂ ਦੇ ਹਵਾਲੇ ਨਾਲ ਵਾਈਨੈੱਟ ਨੇ ਰਿਪੋਰਟ ਦਿੱਤੀ ਕਿ ਕੋ-ਪਾਇਲਟ ਓਮਾਨ ਦਾ ਨਾਗਰਿਕ ਸੀ ਅਤੇ ਉਸ ‘ਤੇ ਜਹਾਜ਼ ਨੂੰ ਕਰੈਸ਼ (ਹਾਦਸਾਗ੍ਰਸਤ) ਕਰਨ ਦੀ ਕੋਸ਼ਿਸ਼ ਕਰਨ ਦਾ ਸ਼ੱਕ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਨੇ ਜਹਾਜ਼ ਨੂੰ ਕਰੈਸ਼ ਹੋਣ ਤੋਂ ਬਚਾਉਣ ਲਈ ਉਸ ਨਾਲ ਲੜਾਈ ਕੀਤੀ ਅਤੇ ਬਾਅਦ ਵਿੱਚ ਇਜ਼ਰਾਇਲੀ ਯਾਤਰੀਆਂ ਨੇ ਕੋ-ਪਾਇਲਟ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ।
ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਐੱਫਜ਼ੈੱਡ1073 (FZ1073) ਨੇ ਐਮਰਜੈਂਸੀ ਸਿਗਨਲ ਭੇਜੇ ਸਨ ਅਤੇ ਸਾਊਦੀ ਅਰਬ ਦੇ ਤਬੁਕ ਵੱਲ ਮੋੜੇ ਜਾਣ ਤੋਂ ਪਹਿਲਾਂ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਆਇਆ ਸੀ।
ਵਾਈਨੈੱਟ ਦੇ ਹਵਾਲੇ ਨਾਲ, ਤਬੁਕ ਏਅਰਪੋਰਟ ਅਧਿਕਾਰੀਆਂ ਦੇ ਅਨੁਸਾਰ, ਦੋਵੇਂ ਪਾਇਲਟ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਫਲਾਈਦੁਬਈ ਨੇ ਪੁਸ਼ਟੀ ਕੀਤੀ ਹੈ ਕਿ ਉਡਾਣ ਦੌਰਾਨ ਜਹਾਜ਼ ਵਿੱਚ ਇੱਕ ਘਟਨਾ ਵਾਪਰੀ ਸੀ ਅਤੇ ਇਹ ਤਬੁਕ ਵਿੱਚ ਸੁਰੱਖਿਅਤ ਉਤਰ ਗਿਆ ਸੀ।
ਏਅਰਲਾਈਨ ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੀ ਹੈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰਲਾਈਨ ਨੇ ਅਜੇ ਤੱਕ ਪਾਇਲਟਾਂ ਦੀ ਪਛਾਣ ਜਾਂ ਕੌਮੀਅਤ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
ਉੱਥੇ ਹੀ ਇਜ਼ਰਾਇਲੀ ਅਧਿਕਾਰੀਆਂ ਨੂੰ ਜਹਾਜ਼ ਦੇ ਸੰਭਾਵਿਤ ਅਗਵਾ (ਹਾਈਜੈਕਿੰਗ) ਦਾ ਡਰ ਸੀ, ਜਿਸ ਕਾਰਨ ਉਨ੍ਹਾਂ ਨੇ ਲੜਾਕੂ ਜਹਾਜ਼ ਰਵਾਨਾ ਕੀਤੇ ਸਨ। ਇਸ ਘਟਨਾ ਦੀ ਜਾਂਚ ਜਾਰੀ ਹੈ।






