ਸੰਯੁਕਤ ਅਰਬ ਅਮੀਰਾਤ (ਯੂ ਏ ਈ) ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਸਿਹਤ ਬਿਹਤਰ ਹੈ ਅਤੇ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ।
ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਐੱਫ ਜ਼ੈੱਡ 1073 (FZ 1073) ਦੇ ਕਾਕਪਿਟ ਵਿੱਚ ਸਹਿ-ਪਾਇਲਟ ਨੇ ਕੈਪਟਨ ਮੱਛਾਰ ‘ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ।
ਉਡਾਣ ਦਾ ਸਹਿ-ਪਾਇਲਟ ਕਥਿਤ ਤੌਰ ‘ਤੇ ਜਹਾਜ਼ ਨੂੰ ਡੇਗਣ (ਕ੍ਰੈਸ਼ ਕਰਨ) ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਹਾਜ਼ ਦੇ ਭਾਰਤੀ ਕੈਪਟਨ ਮੱਛਾਰ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਕੈਪਟਨ ਮੱਛਾਰ ਜ਼ਖਮੀ ਹੋ ਗਏ, ਪਰ ਉਹ 174 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਬਚਾਉਣ ਵਿੱਚ ਸਫਲ ਰਹੇ।
ਕੈਪਟਨ ਮੱਛਾਰ ਦੇ ਹੌਸਲੇ ਅਤੇ ਬਹਾਦਰੀ ਦੀ ਪੂਰੀ ਦੁਨੀਆ ਵਿੱਚ ਤਾਰੀਫ ਹੋ ਰਹੀ ਹੈ। ਬਾਅਦ ਵਿੱਚ, ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ ‘ਤੇ ਐਮਰਜੈਂਸੀ ਸਥਿਤੀ ਵਿੱਚ ਉਤਰਨਾ ਪਿਆ।
ਉੱਥੇ ਹੀ ਯੂ ਏ ਈ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਹਸਪਤਾਲ ਜਾ ਕੇ ਕੈਪਟਨ ਮੱਛਾਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੂਤਾਵਾਸ ਨੇ ਕਿਹਾ, “ਕੈਪਟਨ ਮੱਛਾਰ ਦੀ ਸਿਹਤ ਬਿਹਤਰ ਹੈ ਅਤੇ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ।”
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉੱਤਰ-ਪੱਛਮੀ ਸਾਊਦੀ ਅਰਬ ਦੇ ਤਬੂਕ ਸ਼ਹਿਰ ਸਥਿਤ ਇੱਕ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਦੇ ਇੱਕ ਦਿਨ ਬਾਅਦ, ਜ਼ਰੂਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੱਛਾਰ ਨੂੰ ਯੂ ਏ ਈ ਤਬਦੀਲ ਕਰ ਦਿੱਤਾ ਗਿਆ ਸੀ।
ਯੂ ਏ ਈ ਸਥਿਤ ਭਾਰਤੀ ਮਿਸ਼ਨ ਨੇ ਕਿਹਾ, “ਦੂਤਾਵਾਸ ਉਨ੍ਹਾਂ ਦਾ ਨਿਰੰਤਰ ਇਲਾਜ ਅਤੇ ਤੰਦਰੁਸਤੀ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।”





