ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਮੋਰਚੇ ਦੌਰਾਨ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇਰ ਸ਼ਾਮ ਉਨ੍ਹਾਂ ਦੇ ਘਰ ਪਹੁੰਚੇ। ਕੈਬਨਿਟ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਇਸ ਆਮਦ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਐਕਸ਼ਨ ਕਮੇਟੀ ਨੇ ਸਰਕਾਰ ਨਾਲ ਮੀਟਿੰਗ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਕਰਵਾਉਣ ਦੀ ਮੰਗ ਰੱਖੀ ਸੀ। ਕਮੇਟੀ ਵੱਲੋਂ ਗੱਲਬਾਤ ਤੋਂ ਪਹਿਲਾਂ ਸੰਘਰਸ਼ ਨਾਲ ਜੁੜੇ ਆਗੂਆਂ ਖ਼ਿਲਾਫ਼ ਦਰਜ ਸਾਰੇ ਪਰਚੇ ਰੱਦ ਕਰਨ ਦਾ ਮੁੱਦਾ ਵੀ ਉਠਾਇਆ ਗਿਆ ਸੀ। ਇਸ ਪਿਛੋਕੜ ਵਿੱਚ ਖੁੱਡੀਆਂ ਦੇ ਪਰਿਵਾਰ ਕੋਲ ਪਹੁੰਚਣ ਨੂੰ ਅਗਲੀ ਮੀਟਿੰਗ ਲਈ ਅਹਿਮ ਕੜੀ ਵਜੋਂ ਦੇਖਿਆ ਜਾ ਰਿਹਾ ਹੈ।
ਗੱਲਬਾਤ ਨੂੰ ਅੱਗੇ ਤੋਰਨ ਲਈ ਏ ਡੀ ਜੀ ਪੀ ਗੌਤਮ ਚੀਮਾ ਅਤੇ ਆਈ ਏ ਐੱਸ ਅਧਿਕਾਰੀ ਕੁਲਵੰਤ ਸਿੰਘ ਧੂਰੀ ਵੀ ਸਰਗਰਮ ਹਨ। ਦੋਵੇਂ ਅਧਿਕਾਰੀ ਪਹਿਲਾਂ ਮਾਨਸਾ ਵਿੱਚ ਕ੍ਰਮਵਾਰ ਐੱਸ ਐੱਸ ਪੀ ਅਤੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਹੁਣ ਕੈਬਨਿਟ ਮੰਤਰੀ ਦੀ ਆਮਦ ਨਾਲ ਗੱਲਬਾਤ ਦਾ ਅਮਲ ਅੱਗੇ ਵਧਣ ਅਤੇ ਮੰਗਾਂ ਬਾਰੇ ਸਰਕਾਰੀ ਪੱਧਰ ’ਤੇ ਠੋਸ ਫ਼ੈਸਲਾ ਹੋਣ ਦੀ ਆਸ ਬੱਝੀ ਹੈ।
ਉਧਰ, ਐਕਸ਼ਨ ਕਮੇਟੀ ਵੱਲੋਂ ਪੰਜ ਨਵੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀਆਂ ਤਿਆਰੀਆਂ ਵੀ ਜਾਰੀ ਹਨ। ਜਵਾਨ ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਪਰਿਵਾਰ ਅਤੇ ਉਸ ਨਾਲ ਡਟੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੀਆਂ ਨਜ਼ਰਾਂ ਹੁਣ ਕੈਬਨਿਟ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ। ਇਸ ਮੀਟਿੰਗ ਦੇ ਨਤੀਜੇ ਤੋਂ ਹੀ ਗੱਲਬਾਤ ਅਤੇ ਸੰਘਰਸ਼ ਦੀ ਅਗਲੀ ਦਿਸ਼ਾ ਸਪੱਸ਼ਟ ਹੋਣ ਦੀ ਉਮੀਦ ਹੈ।
ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਪਤਨੀ ਮਨਪ੍ਰੀਤ ਕੌਰ, ਗਗਨਦੀਪ ਸਿਰਸੀਵਾਲਾ ਅਤੇ ਅਮਨ ਪਟਵਾਰੀ ਹਾਜ਼ਰ ਸਨ।






