Maldives Sex Scandal: ਮਾਲਦੀਵ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੂੰ ਨਾਬਾਲਗ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ 64 ਸਾਲਾ ਸ਼ਾਹਿਦ ਨੂੰ ਸੋਮਵਾਰ ਰਾਤ ਦਸ ਵਜੇ ਅਦਾਲਤੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ’ਤੇ 18 ਸਾਲ ਤੋਂ ਘੱਟ ਉਮਰ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਸ਼ੱਕ ਹੈ।
‘ਦਿ ਸਨ’ ਦੇ ਅੰਗਰੇਜ਼ੀ ਐਡੀਸ਼ਨ ਨੇ ਮਾਲਦੀਵ ਪੁਲੀਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ‘ਦਿ ਐਡੀਸ਼ਨ’ ਮੀਡੀਆ ਪੋਰਟਲ ਨੇ ਵੀ ਸ਼ਾਹਿਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਅਦਾਲਤੀ ਹੁਕਮ ’ਤੇ ਹਿਰਾਸਤ ਵਿੱਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਨੇ ਦੋਸ਼ਾਂ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ।
ਗ੍ਰਿਫ਼ਤਾਰੀ ਤੋਂ ਪਹਿਲਾਂ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
‘ਦਿ ਐਡੀਸ਼ਨ’ ਅਨੁਸਾਰ ਗ੍ਰਿਫ਼ਤਾਰੀ ਤੋਂ ਕੁਝ ਮਿੰਟ ਪਹਿਲਾਂ ਸ਼ਾਹਿਦ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਪਾ ਕੇ ਉਨ੍ਹਾਂ ਖ਼ਿਲਾਫ਼ ਲਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਅਤੇ ਬਦਨਾਮ ਕਰਨ ਵਾਲਾ ਕਰਾਰ ਦਿੱਤਾ ਸੀ। ਉਨ੍ਹਾਂ ਲੋਕਾਂ ਨੂੰ ਬੇਬੁਨਿਆਦ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਸੀ।
ਰਿਪੋਰਟ ਅਨੁਸਾਰ ਸ਼ਾਹਿਦ ਨੂੰ ਹੁਲਹੁਮਾਲੇ ਸਥਿਤ ਆਪਣੀ ਰਿਹਾਇਸ਼ ਰੇਨਬੋ ਓਸ਼ਨ ਫਰੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪਹਿਲਾਂ ਉਨ੍ਹਾਂ ਨੂੰ ਹੁਲਹੁਮਾਲੇ ਪੁਲੀਸ ਥਾਣੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਧੂਨੀਧੂ ਸਥਿਤ ਪੁਲੀਸ ਹਿਰਾਸਤ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ।
2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਸਰਗਰਮ ਸਨ ਸ਼ਾਹਿਦ
ਸ਼ਾਹਿਦ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਉਹ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਮਾਲਦੀਵੀਅਨ ਡੈਮੋਕ੍ਰੈਟਿਕ ਪਾਰਟੀ (ਐੱਮਡੀਪੀ) ਦੀ ਟਿਕਟ ਹਾਸਲ ਕਰਨ ਲਈ ਮੁਹਿੰਮ ਚਲਾ ਰਹੇ ਸਨ। ਉਨ੍ਹਾਂ ਪਾਰਟੀ ਦੀ ਮੁੱਢਲੀ ਚੋਣ ਲੜਨ ਦਾ ਐਲਾਨ ਕੀਤਾ ਸੀ ਅਤੇ ਇਸ ਸਬੰਧੀ ਵੱਖ-ਵੱਖ ਟਾਪੂਆਂ ਦਾ ਦੌਰਾ ਵੀ ਕਰ ਰਹੇ ਸਨ।
ਮਾਲਦੀਵ ਦੇ ਪ੍ਰਮੁੱਖ ਸਿਆਸਤਦਾਨਾਂ ਵਿੱਚ ਸ਼ਾਮਲ ਸ਼ਾਹਿਦ ਦੋ ਵਾਰ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਉਹ 2007 ਤੋਂ 2008 ਤੱਕ ਰਾਸ਼ਟਰਪਤੀ ਮੌਮੂਨ ਅਬਦੁਲ ਗਯੂਮ ਅਤੇ 2018 ਤੋਂ 2023 ਤੱਕ ਸਾਬਕਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਕਾਰਜਕਾਲ ਦੌਰਾਨ ਇਸ ਅਹੁਦੇ ’ਤੇ ਰਹੇ। ਉਹ 2009 ਤੋਂ 2014 ਤੱਕ ਪੀਪਲਜ਼ ਮਜਲਿਸ ਦੇ ਸਪੀਕਰ ਵੀ ਰਹੇ। ਜੂਨ 2021 ਵਿੱਚ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ।
ਸ਼ਾਹਿਦ 2013 ਵਿੱਚ ਐੱਮਡੀਪੀ ਵਿੱਚ ਸ਼ਾਮਲ ਹੋਏ ਅਤੇ ਫਰਵਰੀ 2024 ਵਿੱਚ ਪਾਰਟੀ ਦੇ ਪ੍ਰਧਾਨ ਬਣੇ। ਇਸ ਸਾਲ ਅਗਸਤ ਵਿੱਚ ਉਨ੍ਹਾਂ ਨੇ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੀ ਮੁੱਢਲੀ ਚੋਣ ਲੜਨ ਵਾਸਤੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ।
ਉਨ੍ਹਾਂ ਨੇ 1984 ਵਿੱਚ ਮਾਲਦੀਵ ਦੇ ਵਿਦੇਸ਼ ਮੰਤਰਾਲੇ ਤੋਂ ਆਪਣਾ ਜਨਤਕ ਸੇਵਾ ਦਾ ਸਫ਼ਰ ਸ਼ੁਰੂ ਕੀਤਾ ਸੀ। ਚਾਰ ਦਹਾਕਿਆਂ ਤੋਂ ਵੱਧ ਦੇ ਕਰੀਅਰ ਦੌਰਾਨ ਉਨ੍ਹਾਂ ਕਈ ਕੂਟਨੀਤਕ ਅਤੇ ਸਿਆਸੀ ਅਹੁਦਿਆਂ ’ਤੇ ਕੰਮ ਕੀਤਾ। 2021 ਵਿੱਚ ਉਨ੍ਹਾਂ ਨੂੰ ਦੇਸ਼ ਅਤੇ ਕੌਮਾਂਤਰੀ ਪੱਧਰ ’ਤੇ ਸੇਵਾਵਾਂ ਲਈ ਮਾਲਦੀਵ ਦੇ ਸਭ ਤੋਂ ਵੱਡੇ ਸਰਕਾਰੀ ਸਨਮਾਨ ‘ਆਰਡਰ ਆਫ਼ ਦਿ ਡਿਸਟਿੰਗੂਇਸ਼ਡ ਰੂਲ ਆਫ਼ ਇਜ਼ੂਦੀਨ’ ਨਾਲ ਸਨਮਾਨਿਤ ਕੀਤਾ ਗਿਆ ਸੀ।





