ਅਮਰੀਕਾ ਦੀਆਂ ਮੱਧਮੋੜੀ (ਮਿਡ-ਟਰਮ) ਚੋਣਾਂ ਵਿੱਚ ਡੈਮੋਕ੍ਰੇਟਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਜਾਰਜੀਆ ਵਿੱਚ ਗਵਰਨਰ ਦੀ ਸੀਟ ਜਿੱਤ ਲਈ ਹੈ ਅਤੇ ਰਿਪਬਲਿਕਨਾਂ ਤੋਂ ਕਈ ਅਹਿਮ ਸੈਨੇਟ ਸੀਟਾਂ ਖੋਹਣ ਵੱਲ ਵਧ ਰਹੇ ਹਨ। ਇਹ ਨਤੀਜੇ ਰਾਸ਼ਟਰਪਤੀ ਡੋਨਲਡ ਟਰੰਪ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਹੇ ਹਨ।
ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। 40 ਸਾਲਾ ਸੁਹਾਸ ਸੁਬਰਾਮਣਿਅਮ ਨੇ ਵਰਜੀਨੀਆ ਤੋਂ ਅਤੇ 39 ਸਾਲਾ ਪੀਆ ਡਾਂਡੀਆ ਨੇ ਫਲੋਰੀਡਾ ਤੋਂ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ (ਹੇਠਲੇ ਸਦਨ) ਦੀਆਂ ਸੀਟਾਂ ਜਿੱਤੀਆਂ ਹਨ। ਇਸੇ ਦੌਰਾਨ 61 ਸਾਲਾ ਅਰੁਣਾ ਮਿਲਰ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਵਜੋਂ ਦੁਬਾਰਾ ਚੁਣੀ ਗਈ ਹੈ।
ਸਾਬਕਾ ਹਾਈ ਸਕੂਲ ਪ੍ਰਿੰਸੀਪਲ ਪੀਆ ਡਾਂਡੀਆ ਫਲੋਰੀਡਾ ਦੇ 22ਵੇਂ ਕਾਂਗਰਸਨਲ ਹਲਕੇ ਤੋਂ ਰਿਪਬਲਿਕਨ ਕੇਸੀ ਅਸਕਰ ਨੂੰ ਹਰਾ ਕੇ ਅਮਰੀਕੀ ਹਾਊਸ ਵਿੱਚ ਪਹੁੰਚਣ ਵਾਲੀ ਨਵੀਂ ਭਾਰਤੀ-ਅਮਰੀਕੀ ਬਣ ਗਈ ਹੈ। ਦੂਜੇ ਪਾਸੇ ਸੁਹਾਸ ਸੁਬਰਾਮਣਿਅਮ ਵਰਜੀਨੀਆ ਦੇ 10ਵੇਂ ਕਾਂਗਰਸਨਲ ਹਲਕੇ ਤੋਂ ਦੁਬਾਰਾ ਚੁਣੇ ਗਏ ਹਨ।
ਟਰੰਪ ਦੇ ਕਰੀਬੀ ਮੰਨੇ ਜਾਂਦੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੂੰ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਗ੍ਰਹਿ ਰਾਜ ਓਹੀਓ ਵਿੱਚ ਗਵਰਨਰ ਦੀ ਚੋਣ ’ਚ ਡੈਮੋਕ੍ਰੇਟ ਐਮੀ ਐਕਟਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਇੱਕ ਕੌੜੀ ਚੋਣ ਮੁਹਿੰਮ ਤੋਂ ਬਾਅਦ ਹੋਈ ਹੈ, ਜਿਸ ਨੇ ਰਿਪਬਲਿਕਨ ਪਾਰਟੀ ਵਿੱਚ ਫੁੱਟ ਪਾ ਦਿੱਤੀ ਸੀ।
ਇਸ ਤੋਂ ਇਲਾਵਾ ਕੇਰਲ ’ਚ ਜਨਮੀ ਡੈਮੋਕ੍ਰੇਟ ਨਿਥਿਆ ਰਾਮਨ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ ਦੇ ਮੇਅਰ ਦੀ ਪੋਸਟ ਲਈ ਆਪਣੀ ਸਾਬਕਾ ਬੌਸ ਕੈਰਨ ਬਾਸ ਨਾਲ ਫਸਵੇਂ ਮੁਕਾਬਲੇ ਵਿੱਚ ਹੈ।
ਭਾਰਤੀ-ਅਮਰੀਕੀ ਕਾਨੂੰਨਸਾਜ਼ ਰੋ ਖੰਨਾ, ਅਮੀ ਬੇਰਾ ਅਤੇ ਪ੍ਰਮਿਲਾ ਜੈਪਾਲ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਲਈ ਦੁਬਾਰਾ ਚੋਣ ਲੜ ਰਹੇ ਹਨ, ਜਦਕਿ ਉਨ੍ਹਾਂ ਦੇ ਸਾਥੀ ਡੈਮੋਕ੍ਰੇਟ ਅਮੀਸ਼ ਸ਼ਾਹ ਪਹਿਲੀ ਵਾਰ ਕਾਂਗਰਸ ਵਿੱਚ ਪਹੁੰਚਣ ਲਈ ਕਰੜੇ ਮੁਕਾਬਲੇ ਵਿੱਚ ਡਟੇ ਹੋਏ ਹਨ।-ਏਜੰਸੀ





