ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਲੰਘੀ ਰਾਤ ਤੁਫਾਨ ਨੇ ਤਬਾਹੀ ਮਚਾਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀਆਂ ਸੂਚਨਾਵਾਂ ਹਨ। ਤੇਜ ਹਨੇਰੀ ਕਾਰਨ ਕਈ ਦਰਖਤ ਡਿੱਗ ਗਏ ਅਤੇ ਚਾਰ ਲੱਖ ਘਰਾਂ ਦੀ ਬਿਜਲੀ ਕਈ ਗੁੱਲ ਹੋ ਗਈ। ਖਬਰ ਲਿਖੇ ਜਾਣ ਤੱਕ ਵੀ 63 ਹਜਾਰ ਘਰਾਂ ਦੀ ਬਿਜਲੀ ਚਾਲੂ ਨਾ ਹੋ ਸਕਣ ਦੀਆਂ ਸੂਚਨਾਵਾਂ ਮਿਲੀਆਂ ਹਨ।
ਬੀਸੀ ਹਾਈਡਰੋ, ਜੋ ਸੂਬੇ ਵਿੱਚ ਬਿਜਲੀ ਦਾ ਸੰਚਾਲਨ ਕਰਦੀ ਹੈ, ਅਨੁਸਾਰ ਕਾਮਿਆਂ ਵੱਲੋਂ ਬਿਜਲੀ ਬਹਾਲੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪਰ ਕੁਝ ਦੂਰ ਦੁਰਾਡੇ ਖੇਤਰਾਂ ਵਿੱਚ ਸੜਕਾਂ ਵਿੱਚ ਵੱਡੇ ਦਰਖਤ ਡਿੱਗਣ ਕਰਕੇ ਆਵਾਜਾਈ ਬਹਾਲ ਨਹੀਂ ਹੋ ਸਕੀ, ਜਿਸਨੂੰ ਜਲਦੀ ਹੱਲ ਕਰਨ ਦੇ ਯਤਨ ਜਾਰੀ ਹਨ।
ਬੀਸੀ ਹਾਈਡਰੋ ਦੇ ਬੁਲਾਰੇ ਅਨੁਸਾਰ ਮੌਸਮ ਵਿਭਾਗ ਵਲੋਂ ਦਿਤੀਆਂ ਤੁਫਾਨ ਦੀਆਂ ਚਿਤਾਵਨੀਆਂ ਕਾਰਨ ਅਧਿਕਾਰੀਆਂ ਨੇ ਪੈਦਾ ਹੋਣ ਵਾਲੀ ਸਥਿਤੀ ਨਾਲ ਸਿੱਝਣ ਲਈ ਅਗੇਤੇ ਪ੍ਰਬੰਧ ਕੀਤੇ ਜਾਣ ਕਰਕੇ ਪ੍ਰਭਾਵਤ ਖੇਤਰਾਂ ਦੀ ਬਿਜਲੀ ਜਲਦੀ ਚਾਲੂ ਹੋ ਸਕੀ। ਉਸ ਨੇ ਦੱਸਿਆ ਕਿ 100 ਤੋਂ ਡੇਢ 140 ਕਿਲੋਮੀਟਰ ਦੀ ਰਫਤਾਰ ਤੇ ਦੋ ਵਾਰ ਚੱਲੀ ਹਨੇਰੀ ਕਾਰਨ ਬਿਜਲੀ ਲਾਈਨਾਂ ਦਾ ਨੁਕਸਾਨ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਦੋ ਕਾਰਾਂ ਸਰੀ ’ਚ ਹਾਈਵੇਅ 10 ਉੱਤੇ 184 ਸਟੀਰਟ ਕੋਲ ਕਾਰ ’ਤੇ ਰੁੱਖਾਂ ਦੇ ਭਾਰੀ ਟਹਿਣੇ ਡਿੱਗਣ ਕਾਰਨ ਡਰਾਇਵਰ ਦੀ ਮੌਕੇ ’ਤੇ ਮੌਤ ਹੋ ਗਈ ਤੇ ਦੂਜੀ ਕਾਰ ਵਾਲਾ ਜ਼ਖ਼ਮੀ ਹੋ ਗਿਆ। ਕਈ ਹੋਰ ਥਾਵਾਂ ਤੋਂ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਸੂਚਨਾਵਾਂ ਹਨ। ਹਨੇਰੀ ਕਾਰਨ ਸਰਕਾਰੀ ਤੇ ਲੋਕਾਂ ਦੇ ਹੋਏ ਨਿਜੀ ਨੁਕਸਾਨ ਦੀਆਂ ਸਾਰੀਆਂ ਸੂਚਨਾਵਾਂ ਤੇ ਅੰਕੜੇ ਹਾਲੇ ਪਤਾ ਨਹੀਂ ਲੱਗ ਸਕੇ ਹਨ।





