Sonia Gandhi Controversy: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਆਪਣੀ ਨਵੀਂ ਕਿਤਾਬ ਵਿੱਚ ਪ੍ਰਣਬ ਮੁਖਰਜੀ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਬਾਰੇ ਕੀਤੀ ਟਿੱਪਣੀ ’ਤੇ ਮਰਹੂਮ ਰਾਸ਼ਟਰਪਤੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਤਿੱਖਾ ਜਵਾਬ ਦਿੰਦਿਆਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣਾ ਕੋਈ ਜੁਰਮ ਹੈ? ਸ਼ਰਮਿਸ਼ਠਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਇਹ ਇੱਛਾ ਦਹਾਕਿਆਂ ਦੇ ਸਿਆਸੀ ਤਜਰਬੇ, ਪ੍ਰਸ਼ਾਸਨਿਕ ਸਮਝ, ਸਖ਼ਤ ਮਿਹਨਤ ਅਤੇ ਯੋਗਤਾ ’ਤੇ ਆਧਾਰਿਤ ਸੀ।
ਸੋਨੀਆ ਗਾਂਧੀ ਨੇ ਅੱਜ ਦੁਨੀਆ ਭਰ ਵਿੱਚ ਜਾਰੀ ਹੋਈ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਸਾਲ 2010 ਵਿੱਚ ਪ੍ਰਣਬ ਮੁਖਰਜੀ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਥਾਂ ਖ਼ੁਦ ਨੂੰ ਇਸ ਅਹੁਦੇ ’ਤੇ ਲਿਆਉਣ ਦਾ ਸੁਝਾਅ ਦੇਣਾ ਉਨ੍ਹਾਂ ਲਈ ਹੈਰਾਨੀਜਨਕ ਸੀ। ਸੋਨੀਆ ਮੁਤਾਬਕ ਉਨ੍ਹਾਂ ਨੇ ਇਸ ਗੱਲ ਨੂੰ ਪ੍ਰਣਬ ਦੀ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦੇ ਪ੍ਰਗਟਾਵੇ ਵਜੋਂ ਦੇਖਿਆ।
ਸ਼ਰਮਿਸ਼ਠਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਇੱਕ ਵਾਰ ਜਦੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ ਸੀ ਕਿ ਕੋਈ ਵੀ ਯੋਗ ਸਿਆਸਤਦਾਨ ਇਹ ਇੱਛਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪ੍ਰਣਬ ਮੁਖਰਜੀ ਬਹੁਤ ਸਾਧਾਰਨ ਪਰਿਵਾਰ ਵਿੱਚੋਂ ਆਏ ਸਨ ਅਤੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਇਸ ਮੁਕਾਮ ਤੱਕ ਪੁੱਜੇ ਸਨ। ਉਨ੍ਹਾਂ ਨੂੰ ਕੋਈ ਅਹੁਦਾ ਵਿਰਾਸਤ ਵਿੱਚ ਨਹੀਂ ਮਿਲਿਆ ਸੀ।
‘ਕੀ ਗਾਂਧੀ ਪਰਿਵਾਰ ਤੋਂ ਬਾਹਰਲਾ ਇਹ ਸੁਪਨਾ ਨਹੀਂ ਦੇਖ ਸਕਦਾ?’
ਸ਼ਰਮਿਸ਼ਠਾ ਨੇ ਸਵਾਲ ਕੀਤਾ ਕਿ ਜੇ ਕੋਈ ਯੋਗ ਵਿਅਕਤੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਦਾ ਹੈ ਤਾਂ ਇਸ ਵਿੱਚ ਗ਼ਲਤ ਕੀ ਹੈ? ਕੀ ਸੋਨੀਆ ਇਸ ਗੱਲੋਂ ਹੈਰਾਨ ਸਨ ਕਿ ਗਾਂਧੀ-ਨਹਿਰੂ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਵੀ ਇਸ ਅਹੁਦੇ ਦੀ ਇੱਛਾ ਰੱਖ ਸਕਦਾ ਹੈ ਅਤੇ ਉਨ੍ਹਾਂ ਸਾਹਮਣੇ ਇਸ ਦਾ ਜ਼ਿਕਰ ਕਰਨ ਦੀ ਹਿੰਮਤ ਕਰ ਸਕਦਾ ਹੈ?
ਉਨ੍ਹਾਂ ਕਿਹਾ ਕਿ ਪਿਤਾ ਦੀਆਂ ਡਾਇਰੀਆਂ ਅਤੇ ਉਨ੍ਹਾਂ ਨਾਲ ਹੋਈਆਂ ਗੱਲਾਂ ਤੋਂ ਉਹ ਭਰੋਸੇ ਨਾਲ ਕਹਿ ਸਕਦੀ ਹੈ ਕਿ ਪ੍ਰਣਬ ਨੇ ਸੋਨੀਆ ਜਾਂ ਕਿਸੇ ਹੋਰ ਵਿਰੁੱਧ ਇਸ ਗੱਲ ਦਾ ਗੁੱਸਾ ਨਹੀਂ ਰੱਖਿਆ। ਉਹ ਹਾਲਾਤ ਨੂੰ ਸਮਝਣ ਵਾਲੇ ਵਿਹਾਰਕ ਸਿਆਸਤਦਾਨ ਸਨ ਅਤੇ ਸੋਨੀਆ ਦੀਆਂ ਚਿੰਤਾਵਾਂ ਤੇ ਅਸੁਰੱਖਿਆ ਦੀ ਭਾਵਨਾ ਨੂੰ ਵੀ ਸਮਝਦੇ ਸਨ। ਸ਼ਰਮਿਸ਼ਠਾ ਨੇ ਆਪਣੇ ਪਿਤਾ ਦੀਆਂ ਡਾਇਰੀਆਂ ਦੇ ਆਧਾਰ ’ਤੇ ਪਹਿਲਾਂ ਇੱਕ ਕਿਤਾਬ ਵੀ ਲਿਖੀ ਹੈ।
ਸਾਲ 2004 ਵਿੱਚ ਵੀ ਪ੍ਰਧਾਨ ਮੰਤਰੀ ਬਣਨ ਦੀ ਸੀ ਉਮੀਦ
ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ‘ਦਿ ਕੋਲੀਸ਼ਨ ਯੀਅਰਜ਼’ ਵਿੱਚ ਲਿਖਿਆ ਸੀ ਕਿ 2004 ਵਿੱਚ ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਮਗਰੋਂ ਉਨ੍ਹਾਂ ਨੂੰ ਇਸ ਅਹੁਦੇ ਦੀ ਉਮੀਦ ਸੀ ਪਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਪਹਿਲਾਂ ਮਨਮੋਹਨ ਸਿੰਘ ਦੇ ਅਧੀਨ ਕੰਮ ਕਰਨ ਤੋਂ ਝਿਜਕ ਦਿਖਾਈ ਸੀ ਕਿਉਂਕਿ ਉਹ ਪਹਿਲਾਂ ਸਰਕਾਰ ਵਿੱਚ ਉਨ੍ਹਾਂ ਦੇ ਸੀਨੀਅਰ ਰਹਿ ਚੁੱਕੇ ਸਨ। ਹਾਲਾਂਕਿ ਸੋਨੀਆ ਵੱਲੋਂ ਉਨ੍ਹਾਂ ਨੂੰ ਸਰਕਾਰ ਲਈ ਅਹਿਮ ਦੱਸਣ ਮਗਰੋਂ ਉਹ ਯੂਪੀਏ ਸਰਕਾਰ ਵਿੱਚ ਸ਼ਾਮਲ ਹੋ ਗਏ।
2007 ਵਿੱਚ ਖੱਬੀਆਂ ਪਾਰਟੀਆਂ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦੀ ਉਮੀਦਵਾਰੀ ਦੀ ਹਮਾਇਤ ਕੀਤੇ ਜਾਣ ਦੇ ਬਾਵਜੂਦ ਸੋਨੀਆ ਨੇ ਉਨ੍ਹਾਂ ਨੂੰ ਸਰਕਾਰ ਵਿੱਚ ਕਾਰਜਕਾਰੀ ਭੂਮਿਕਾ ਤੋਂ ਨਹੀਂ ਹਟਾਇਆ। ਆਖ਼ਰਕਾਰ ਪ੍ਰਣਬ ਮੁਖਰਜੀ 2012 ਵਿੱਚ ਦੇਸ਼ ਦੇ ਰਾਸ਼ਟਰਪਤੀ ਬਣੇ।






