ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਦੀ ਕਿਤਾਬ ਰਿਲੀਜ਼ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਛਿੜੀ ਸਿਆਸੀ ਚਰਚਾ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਫ਼ਾਈ ਦਿੱਤੀ ਹੈ। ਆਪਣੀ ਹਾਜ਼ਰੀ ਦਾ ਕਾਰਨ ਸਪੱਸ਼ਟ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਸੋਨੀਆ ਗਾਂਧੀ ਨੇ ਸੱਦਾ ਦਿੱਤਾ ਸੀ, ਇਸੇ ਲਈ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਆਏ ਹਨ।
ਸਿਆਸੀ ਗਲਿਆਰਿਆਂ ਵਿੱਚ ਲੱਗ ਰਹੀਆਂ ਅਟਕਲਾਂ ’ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਸਵਾਲ ਕੀਤਾ, “ਇਹ ਕਿੱਥੇ ਲਿਖਿਆ ਹੈ ਕਿ ਕਿਸੇ ਇੱਕ ਸਿਆਸੀ ਪਾਰਟੀ ਨਾਲ ਸਬੰਧਤ ਵਿਅਕਤੀ ਦੂਜੀ ਪਾਰਟੀ ਦੇ ਸਮਾਜਿਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦਾ?” ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰਦਿਆਂ ਉਨ੍ਹਾਂ ‘ਨਹੀਂ’ ਵਿੱਚ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਇੱਕ ਨਿੱਜੀ ਤੇ ਸਮਾਜਿਕ ਸਮਾਗਮ ਹੈ, ਇਸ ਵਿੱਚ ਸਿਆਸੀ ਮੁੱਦੇ ਕਿੱਥੋਂ ਆ ਗਏ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਸੋਨੀਆ ਗਾਂਧੀ ਖ਼ੁਦ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਦੀ ਰਿਲੀਜ਼ ਮੌਕੇ ਸ਼ਾਮਲ ਹੋਏ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਸਪੱਸ਼ਟੀਕਰਨ ਦੇ ਬਾਵਜੂਦ, ਬੀਤੇ ਛੇ ਮਹੀਨਿਆਂ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਦੀਆਂ ਟਿੱਪਣੀਆਂ ਅਤੇ ਸੋਨੀਆ ਗਾਂਧੀ ਦੀ ਸਵੈ-ਜੀਵਨੀ “ਬਿਲੌਂਗਿੰਗ: ਏ ਜਰਨੀ ਆਫ਼ ਲਵ” ਦੇ ਰਿਲੀਜ਼ ਸਮਾਗਮ ਮੌਕੇ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਜਨਤਕ ਗੱਲਬਾਤ ਨੇ ਦੋਵਾਂ ਧਿਰਾਂ ਵਿਚਾਲੇ ਰਿਸ਼ਤਿਆਂ ਦੀ ਬਰਫ਼ ਪਿਘਲਣ ਦੀਆਂ ਚਰਚਾਵਾਂ ਨੂੰ ਮੁੜ ਹਵਾ ਦੇ ਦਿੱਤੀ ਹੈ। 2021 ਵਿੱਚ ਕੌੜੇ ਸਿਆਸੀ ਟਕਰਾਅ ਤੋਂ ਬਾਅਦ ਕਾਂਗਰਸ ਛੱਡਣ ਵਾਲੇ 84 ਸਾਲਾ ਕੈਪਟਨ ਦੀ ਇਸ ਸਮਾਗਮ ਵਿੱਚ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨਾਲ ਮੌਜੂਦਗੀ ਸਭ ਦਾ ਧਿਆਨ ਖਿੱਚ ਰਹੀ ਸੀ।
ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਹੋਏ ਇਸ ਸਮਾਗਮ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (56) ਨੇ ਆਪਣੇ ਮਰਹੂਮ ਪਿਤਾ ਰਾਜੀਵ ਗਾਂਧੀ ਅਤੇ ਮਾਤਾ ਸੋਨੀਆ ਗਾਂਧੀ ਦੇ ਵਿਆਹੁਤਾ ਜੀਵਨ ਦਾ ਜ਼ਿਕਰ ਕਰਦਿਆਂ 1980 ਦੇ ਦਹਾਕੇ ਦਾ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ। ਸਾਬਕਾ ਮੁੱਖ ਮੰਤਰੀ ਵੱਲ ਮੁਖਾਤਿਬ ਹੁੰਦਿਆਂ ਰਾਹੁਲ ਨੇ ਕਿਹਾ, “ਮੈਂ ਇੱਥੇ ਅਮਰਿੰਦਰ ਸਿੰਘ ਜੀ ਨੂੰ ਦੇਖ ਰਿਹਾ ਹਾਂ। ਤੁਸੀਂ ਮੇਰੀ ਗੱਲ ‘ਤੇ ਯਕੀਨ ਨਹੀਂ ਕਰੋਗੇ, ਪਰ ਅਸੀਂ ਆਪਣੇ ਮਾਤਾ-ਪਿਤਾ ਨੂੰ ਸਿਰਫ਼ ਇੱਕ ਵਾਰ ਲੜਦਿਆਂ ਦੇਖਿਆ ਸੀ ਅਤੇ ਸੰਜੋਗ ਨਾਲ ਉਸ ਵੇਲੇ ਮੇਰੇ ਪਿਤਾ ਅਮਰਿੰਦਰ ਸਿੰਘ ਜੀ ਨਾਲ ਫ਼ੋਨ ‘ਤੇ ਗੱਲ ਕਰ ਰਹੇ ਸਨ।” ਰਾਹੁਲ ਨੇ ਦੱਸਿਆ ਕਿ ਸੋਨੀਆ ਗਾਂਧੀ ਤਿੰਨ-ਚਾਰ ਵਾਰ ਰਾਜੀਵ ਗਾਂਧੀ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਤਣਾਅ ਵਿੱਚ ਹੋਣ ਕਾਰਨ ਉਹ ਗੁੱਸੇ ਹੋ ਗਏ ਸਨ।
ਦੂਜੇ ਪਾਸੇ, ਕੈਪਟਨ ਦੀ ਇਸ ਹਾਜ਼ਰੀ ਤੋਂ ਬਾਅਦ ਪੈਦਾ ਹੋਈਆਂ ਸਿਆਸੀ ਅਟਕਲਾਂ ਨੂੰ ਖ਼ਤਮ ਕਰਨ ਲਈ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪਰਿਵਾਰਾਂ ਵਿਚਾਲੇ ਦਹਾਕਿਆਂ ਪੁਰਾਣੇ ਨਿੱਜੀ ਸਬੰਧ ਰਹੇ ਹਨ, ਇਸ ਲਈ ਸਮਾਗਮ ਵਿੱਚ ਉਨ੍ਹਾਂ ਦਾ ਜਾਣਾ ਬਿਲਕੁਲ ਸੁਭਾਵਿਕ ਸੀ। ਭਾਜਪਾ ਵੱਲੋਂ ਇਸ ਮਾਮਲੇ ਨੂੰ ਨਿੱਜੀ ਰਿਸ਼ਤਿਆਂ ਤੱਕ ਸੀਮਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਸਿਆਸੀ ਚਰਚਾ ਦੀ ਸ਼ੁਰੂਆਤ 4 ਜੂਨ ਨੂੰ ਉਦੋਂ ਹੋਈ ਸੀ, ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ ਸੀ ਕਿ ਕੈਪਟਨ ਕਾਂਗਰਸੀ ਆਗੂਆਂ ਦੇ ਸੰਪਰਕ ਵਿੱਚ ਹਨ। ਇਸ ਤੋਂ ਬਾਅਦ 7 ਅਗਸਤ ਨੂੰ ਰਾਹੁਲ ਗਾਂਧੀ ਨੇ ਇੱਕ ਸੋਸ਼ਲ ਮੀਡੀਆ ਸੈਸ਼ਨ ਦੌਰਾਨ ਕੈਪਟਨ ਨੂੰ ਭਾਜਪਾ ਵਿੱਚ ਆਪਣਾ ਸਭ ਤੋਂ ਪਸੰਦੀਦਾ ਆਗੂ ਦੱਸਦਿਆਂ ‘ਹੈਲੋ, ਅੰਕਲ ਅਮਰਿੰਦਰ’ ਕਿਹਾ ਸੀ। ਫਿਰ 15 ਅਕਤੂਬਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਵੀ ਕੈਪਟਨ ਦੀ ਵਾਪਸੀ ਬਾਰੇ ਪੁੱਛੇ ਸਵਾਲ ’ਤੇ ਕਿਹਾ ਸੀ ਕਿ ‘ਸਿਆਸਤ ਵਿੱਚ ਕੁਝ ਵੀ ਸੰਭਵ ਹੈ’, ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਇਸ ਬਾਰੇ ਉਨ੍ਹਾਂ ਦੀ ਕੈਪਟਨ ਨਾਲ ਕੋਈ ਨਿੱਜੀ ਗੱਲਬਾਤ ਨਹੀਂ ਹੋਈ।





