ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਇੱਕ ਵਾਰ ਫਿਰ ਸ਼ਿਆ ਮਸਜਿਦ ਉੱਤੇ ਹੋਏ ਫਿਦਾਈਨ ਹਮਲੇ ਨਾਲ ਸਾਫ ਹੈ ਕਿ ਇਹ ਮੁਲਕ ਹੁਣ ਆਪਣੇ ਹੀ ਬੁਣੇ ਅੱਤਵਾਦ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ। ਜੁਮੇ ਦੀ ਨਮਾਜ ਦੇ ਦੌਰਾਨ ਹੋਏ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ। ਸੌ ਤੋਂ ਜ਼ਿਆਦਾ ਦੇ ਜਖ਼ਮੀ ਹੋਣ ਦੀਆਂ ਖਬਰਾਂ ਹਨ। ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਅਜਿਹੇ ਵੱਡੇ ਹਮਲੇ ਹੋ ਰਹੇ ਹਨ ਅਤੇ ਸ਼ਿਆ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਭਾਵੇਂ ਹੁਣੇ ਤੱਕ ਕਿਸੇ ਅੱਤਵਾਦੀ ਗੁਟ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਾ ਲਈ ਹੋਵੇ, ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰੇਗਾ ਕਿ ਅਜਿਹੇ ਘਿਨਾਉਣੇ ਹਮਲਿਆਂ ਦੇ ਪਿੱਛੇ ਅੱਤਵਾਦੀ ਗੁਟ ਹੀ ਸਰਗਰਮ ਹਨ।
ਪੇਸ਼ਾਵਰ ਅਫਗਾਨਿਸਤਾਨ ਦੀ ਸਰਹਦ ਨਾਲ ਲੱਗੇ ਪ੍ਰਾਂਤਾਂ ਵਿੱਚ ਸਭ ਤੋਂ ਜ਼ਿਆਦਾ ਅਸ਼ਾਂਤ ਹੈ। ਪਰ ਅੱਤਵਾਦੀ ਸੰਗਠਨ ਜਿਸ ਤਰ੍ਹਾਂ ਇੱਥੇ ਦਬਦਬਾ ਬਣਾ ਰਹੇ ਹਨ ਅਤੇ ਸ਼ਿਆ ਭਾਈਚਾਰੇ ਤੇ ਤਾਬੜਤੋੜ ਹਮਲੇ ਕਰ ਰਹੇ ਹਨ, ਉਸ ਨਾਲ ਤਾਂ ਲੱਗਦਾ ਹੈ ਕਿ ਇੱਥੇ ਸਰਕਾਰ ਜਾਂ ਪ੍ਰਸ਼ਾਸਨ ਨਾਮ ਦੀ ਕੋਈ ਚੀਜ ਨਹੀਂ ਹੈ, ਸਗੋਂ ਅੱਤਵਾਦੀਆਂ ਦਾ ਰਾਜ ਹੈ। ਸ਼ਿਆ ਬਹੁਲ ਪ੍ਰਾਂਤ ਅਤੇ ਸ਼ਹਿਰਾਂ ਵਿੱਚ ਤਾਂ ਅਜਿਹੇ ਹਮਲੇ ਹੁੰਦੇ ਹੀ ਰਹਿੰਦੇ ਹਨ, ਦੂਜੀਆਂ ਥਾਵਾਂ ਤੇ ਵੀ ਸ਼ਿਆ ਭਾਈਚਾਰੇ ਦੇ ਲੋਕਾਂ ਤੇ ਹਮਲੇ ਕਰਕੇ ਉਨ੍ਹਾਂ ਨੂੰ ਨਫਰਤ ਦਾ ਅਹਿਸਾਸ ਕਰਾਇਆ ਜਾਂਦਾ ਹੈ।
ਜਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ ਪਾਕਿਸਤਾਨ ਅੱਤਵਾਦ ਦੇ ਸਭਤੋਂ ਵੱਡੇ ਗੜ ਦੇ ਰੂਪ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ। ਇੱਥੇ ਵੱਡੀ ਗਿਣਤੀ ਵਿੱਚ ਅੱਤਵਾਦੀ ਸੰਗਠਨਾਂ ਦਾ ਜਾਲ ਵਿਛਿਆ ਹੋਇਆ ਹੈ। ਅੱਤਵਾਦੀਆਂ ਦੀ ਫੌਜ ਤਿਆਰ ਕਰਨ ਲਈ ਟ੍ਰੇਨਿੰਗ ਕੈਂਪ ਚੱਲ ਰਹੇ ਹਨ। ਅਣਗਿਣਤ ਰਿਪੋਰਟਾਂ ਵਿੱਚ ਇਸ ਗੱਲ ਦਾ ਖੁਲਾਸਾ ਹੋ ਚੁੱਕਿਆ ਹੈ ਕਿ ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈਐਸਆਈ ਦੀ ਹਿਫਾਜ਼ਤ ਹਾਸਲ ਹੈ। ਇਨ੍ਹਾਂ ਨੂੰ ਪੈਸੇ ਤੋਂ ਲੈ ਕੇ ਹਥਿਆਰ ਤੱਕ ਦਿੱਤੇ ਜਾਂਦੇ ਹਨ। ਇਹਨਾਂ ਅੱਤਵਾਦੀਆਂ ਦਾ ਇਸਤੇਮਾਲ ਭਾਰਤ ਵਰਗੇ ਦੇਸ਼ਾਂ ਦੇ ਖਿਲਾਫ ਤਾਂ ਕੀਤਾ ਹੀ ਜਾਂਦਾ ਹੈ, ਦੇਸ਼ ਦੇ ਅੰਦਰ ਸ਼ਿਆ ਭਾਈਚਾਰੇ ਤੇ ਹਮਲਿਆਂ ਵਿੱਚ ਇਨ੍ਹਾਂ ਨੂੰ ਹਥਿਆਰ ਬਣਾਇਆ ਜਾਂਦਾ ਹੈ।
ਫਿਰ ਪਾਕਿਸਤਾਨ ਵਰਗੇ ਮੁਲਕ ਵਿੱਚ ਆਬਾਦੀ ਦਾ ਵੱਡਾ ਹਿੱਸਾ ਸਿੱਖਿਆ ਤੋਂ ਵਾਂਝਾ ਹੈ। ਲੋਕ ਬੇਹੱਦ ਗਰੀਬ ਹਨ। ਧਾਰਮਿਕ ਕੱਟੜਤਾ ਵੀ ਬੁਰੀ ਤਰ੍ਹਾਂ ਹਾਵੀ ਹੈ। ਅੱਤਵਾਦੀ ਸੰਗਠਨਾਂ ਤੋਂ ਲੈ ਕੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੂੰ ਅਜਿਹੇ ਹਾਲਾਤ ਹੀ ਸਭ ਤੋਂ ਮੁਫੀਦ ਲੱਗਦੇ ਹਨ। ਵਰਨਾ ਕੀ ਵਜ੍ਹਾ ਹੈ ਕਿ ਪਕਿਸਤਾਨ ਦੀ ਫੌਜ ਅਤੇ ਸਰਕਾਰ ਚਾਹ ਕੇ ਵੀ ਸ਼ਿਆ ਭਾਈਚਾਰੇੇ ਦੀ ਰੱਖਿਆ ਨਹੀਂ ਕਰ ਪਾ ਰਹੀ ਹੈ! ਜੇਕਰ ਅੱਜ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਸਰਕਾਰ ਲਈ ਚੁਣੌਤੀ ਬਣ ਗਏ ਹਨ ਤਾਂ ਇਸਦੇ ਲਈ ਜ਼ਿੰਮੇਵਾਰ ਸਰਕਾਰ ਅਤੇ ਸਿਆਸਤ ਹੀ ਹੈ।
ਪੇਸ਼ਾਵਰ ਦੀ ਮਸਜਿਦ ਤੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦ ਨੂੰ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ ਅਤੇ ਖ਼ਤਰਾ ਦੱਸਿਆ। ਸਵਾਲ ਹੈ ਕਿ ਅਖੀਰ ਇਮਰਾਨ ਖਾਨ ਇਹ ਕਿਉਂ ਭੁੱਲ ਜਾਂਦੇ ਹਨ ਕਿ ਇਸ ਅੱਤਵਾਦ ਦੀਆਂ ਜੜ੍ਹਾਂ ਪਾਕਿਸਤਾਨ ਦੀ ਰਾਜ ਪ੍ਰਾਯੋਜਿਤ ਅੱਤਵਾਦ ਦੀ ਨੀਤੀ ਵਿੱਚ ਹੀ ਡੂੰਘੇ ਤੱਕ ਫੈਲੀਆਂ ਹੋਈਆਂ ਹਨ। ਅੱਤਵਾਦ ਨਾਲ ਨਿਪਟਨ ਲਈ ਆਪਣੇ ਸ਼ਾਸਨ ਵਿੱਚ ਇਮਰਾਨ ਖਾਨ ਨੇ ਕੁੱਝ ਨਹੀਂ ਕੀਤਾ।
ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਤੇ ਇਸ ਗੱਲ ਲਈ ਦਬਾਅ ਬਣਾ ਰਹੇ ਹਨ ਕਿ ਉਹ ਆਪਣੇ ਇੱਥੇ ਮੌਜੂਦ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਸਰਗਨਾ ਦੇ ਖਿਲਾਫ ਸਖਤ ਕਾਰਵਾਈ ਕਰੇ। ਪਰ ਹੁਣ ਤੱਕ ਪਾਕਿਸਤਾਨ ਨੇ ਕਿਸੇ ਅੱਤਵਾਦੀ ਸੰਗਠਨ ਜਾਂ ਉਸਦੇ ਸਰਗਨਾ ਦੇ ਖਿਲਾਫ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ, ਜਿਸਦੇ ਨਾਲ ਇਹ ਸੁਨੇਹਾ ਜਾਂਦਾ ਹੋਵੇ ਕਿ ਉਹ ਵਾਕਈ ਅੱਤਵਾਦ ਨਾਲ ਨਿਪਟਨ ਨੂੰ ਲੈ ਕੇ ਗੰਭੀਰ ਹੈ। ਵਿੱਤੀ ਕਾਰਵਾਈ ਬਲ (ਐਫਏਟੀਐਫ) ਨੇ ਲੰਬੇ ਸਮੇਂ ਤੋਂ ਪਾਕਿਸਤਾਨ ਨੂੰ ਨਿਗਰਾਨੀ ਸੂਚੀ ਵਿੱਚ ਪਾ ਰੱਖਿਆ ਹੈ ਅਤੇ ਕਾਲੀ ਸੂਚੀ ਵਿੱਚ ਪਾਉਣ ਦੀ ਧਮਕੀ ਦੇ ਰੱਖੀ ਹੈ। ਪਰ ਲੱਗਦਾ ਹੈ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ। ਜੇਕਰ ਸਰਕਾਰ ਅਤੇ ਫੌਜ ਦਾ ਦਬਦਬਾ ਹੋਵੇ ਤਾਂ ਅੱਤਵਾਦੀ ਸੰਗਠਨ ਕਿਵੇਂ ਸਿਰ ਉਠਾ ਸਕਦੇ ਹਨ?





