Canada Bus Accident: ਹਾਈਵੇਅ 39 ’ਤੇ ਜਾ ਰਹੀ ਚਾਰਟਰ ਬੱਸ ਮਕੈਂਜੀ ਕਸਬੇ ਨੇੜੇ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 20 ਤੋਂ ਵੱਧ ਯਾਤਰੀ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ 7 ਦੀ ਹਾਲਤ ਨਾਜ਼ੁਕ ਹੈ।
ਸੂਚਨਾ ਮਿਲਣ ’ਤੇ ਪ੍ਰਿੰਸ ਜੌਰਜ ਦੀ ਪੁਲੀਸ ਅਤੇ ਬਚਾਅ ਟੀਮਾਂ ਵਲੋਂ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਹਾਦਸੇ ਕਾਰਨ ਖੇਤਰ ਦੇ ਕਈ ਹਸਪਤਾਲਾਂ ਵਿੱਚ ਓਰੈਂਜ ਅਲਰਟ ਜਾਰੀ ਕੀਤਾ ਗਿਆ, ਜੋ 6 ਘੰਟੇ ਤੱਕ ਜਾਰੀ ਰਿਹਾ । ਹਾਦਸੇ ਵਾਲੀ ਥਾਂ ਪੁੱਜੇ 5 ਏਅਰ ਐਂਬੂਲੈਂਸ ਹੈਲੀਕਾਪਟਰਾਂ ਰਾਹੀਂ ਸੱਤ ਯਾਤਰੀਆਂ ਨੂੰ ਹਸਪਤਾਲ ਭੇਜਿਆ ਗਿਆ ਤੇ ਬਾਕੀਆਂ ਦੀ ਜਾਨ ਨੂੰ ਖਤਰਾ ਨਾ ਹੋਣ ਕਾਰਣ ਉਨ੍ਹਾਂ ਨੂੰ ਐਂਬੂਲੈਂਸ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਦੂਰ ਦੁਰਾਡੇ ਵਾਲਾ ਖੇਤਰ ਹੋਣ ਕਰਕੇ ਉੱਥੇ ਫੋਨ ਨੈਟਵਰਕ ਦੀਆਂ ਔਖਿਆਈਆਂ ਕਾਰਨ ਵੀ ਜ਼ਖ਼ਮੀਆਂ ਦੀ ਸੰਭਾਲ, ਪ੍ਰਸ਼ਾਸਨ ਅਤੇ ਪੁਲੀਸ ਨੂੰ ਸੂਚਨਾਵਾਂ ਪਹੁੰਚਾਉਣ ਵਿੱਚ ਦਿੱਕਤ ਆਈ। ਹਾਦਸੇ ਦੀ ਸੂਚਨਾ ਵੀ ਉਪਰ ਵੱਲ ਜਾ ਰਹੇ ਕਿਸੇ ਹੋਰ ਵਾਹਨ ਵਾਲੇ ਨੇ ਕਈ ਕਿਲੋਮੀਟਰ ਅੱਗੇ ਜਾ ਕੇ ਨੈਟਵਰਕ ਮਿਲਣ ’ਤੇ ਪੁਲੀਸ ਨੂੰ ਦਿੱਤੀ।
ਬੀਸੀ ਹਾਈਵੇਅ ਪੈਟਰੋਲ ਦੇ ਬੁਲਾਰੇ ਮਾਈਕਲ ਮੈਗਲੌਗਲਿਨ ਨੇ ਕਿਹਾ ਕਿ ਦੂਰ ਦੁਰਾਡੇ ਦਾ ਜੰਗਲੀ ਖੇਤਰ ਹੋਣ ਕਰਕੇ ਹਾਦਸੇ ਦੇ ਜ਼ਖ਼ਮੀਆਂ ਤੱਕ ਪਹੁੰਚਣ ਵਿੱਚ ਥੋੜ੍ਹੀ ਦੇਰੀ ਤਾਂ ਹੋਈ ਪਰ ਪੁਲੀਸ ਅਤੇ ਬਚਾਅ ਦਲਾਂ ਦੀ ਮਦਦ ਨਾਲ ਮੌਕਾ ਸੰਭਾਲ ਲਿਆ ਗਿਆ ਤੇ ਕਿਸੇ ਦੀ ਜਾਨ ਨਹੀਂ ਗਈ। ਖੇਤਰ ਦੇ ਵਿਧਾਇਕ ਕੀਏਲ ਗਿਡਨ ਨੇ ਹਾਦਸੇ ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।




