Punjab ED Raid: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵਿਧਾਇਕਾ ਅਮਨਦੀਪ ਕੌਰ ਦੇ ਘਰਾਂ ਦੀ ਜਾਂਚ ਖ਼ਤਮ ਹੋ ਗਈ ਹੈ। ਲਗਪਗ 36 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਜਾਂਚ ਏਜੰਸੀ ਦੀ ਟੀਮ ਵੱਲੋਂ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਪੁੱਛ ਪੜਤਾਲ ਕੀਤੀ ਗਈ। ਈ ਡੀ ਦਾ ਹੁਣ ਜਾਂਚ ਦਾ ਘੇਰਾ ਮਾਲ ਵਿਭਾਗ ਵੱਲ ਵੀ ਗਿਆ। ਕੌਮੀ ਮਾਰਗ ਲਈ ਐਕੁਆਇਰ ਜ਼ਮੀਨ ਮਾਮਲੇ ’ਚ ਕਰੀਬ ਚਾਰ ਕਰੋੜ ਰੁਪਏ ਦੀ ਹੇਰਾਫੇਰੀ ’ਚ ਮੁਅੱਤਲ ਇਕ ਮਾਲ ਪਟਵਾਰੀ ਤੋਂ ਵੀ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਸੂਤਰਾਂ ਅਨੁਸਾਰ ਈਡੀ ਨੇ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਅਤੇ ਪੁੱਛ ਪੜਤਾਲ ਕੀਤੀ । ਈ ਡੀ ਦੀ ਜਾਂਚ ਦਾ ਘੇਰਾ ਹੁਣ ਸਿਰਫ਼ ਵਿਧਾਇਕਾ ਤੱਕ ਸੀਮਤ ਰਹਿੰਦਾ ਨਹੀਂ ਦਿਖਾਈ ਦੇ ਰਿਹਾ, ਸਗੋਂ ਮਾਲ ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਮੁਅੱਤਲ ਮਾਲ ਪਟਵਾਰੀ ਤੋਂ ਪੁੱਛਗਿੱਛ ਕੀਤੇ ਜਾਣ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਹਾਲਾਂਕਿ ਈ ਡੀ ਨੇ ਕੀ ਪੁੱਛਗਿੱਛ ਕੀਤੀ ਅਤੇ ਜਾਂਚ ਏਜੰਸੀ ਨੂੰ ਕਿਹੜੇ ਅਹਿਮ ਸੁਰਾਗ ਮਿਲੇ ਇਸ ਬਾਰੇ ਏਜੰਸੀ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
ਵਿਧਾਇਕਾ ਦੇ ਘਰ ਈਡੀ ਦੀ ਛਾਪੇਮਾਰੀ ਖ਼ਤਮ ਹੋਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਜਾਂਚ ਏਜੰਸੀ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ।
ਵਿਧਾਇਕਾ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾਵੇਗਾ ਜਾਂ ਜਾਂਚ ਦੌਰਾਨ ਦਸਤਾਵੇਜ਼ਾਂ ਦੇ ਆਧਾਰ ’ਤੇ ਕੋਈ ਹੋਰ ਕਾਰਵਾਈ ਹੋਵੇਗੀ, ਇਹ ਆਉਣ ਵਾਲੇ ਸਮੇਂ ਵਿੱਚ ਸਪੱਸ਼ਟ ਹੋਵੇਗਾ। ਫਿਲਹਾਲ ਈਡੀ ਵੱਲੋਂ ਕੀਤੀ ਛਾਪੇਮਾਰੀ ਤੇ ਮੁਅੱਤਲ ਪਟਵਾਰੀ ਤੋਂ ਪੁੱਛਗਿੱਛ ਨੇ ਪੰਜਾਬ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਸਨਸਨੀ ਫੈਲ ਗਈ ਹੈ।
ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਜਾਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚੋਂ ਈ ਡੀ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਈ ਡੀ ਨੇ ਤਾਂ ਛਾਣਬੀਣ ਦਾ ਕੰਮ ਚਾਰ ਘੰਟੇ ਵਿਚ ਹੀ ਖ਼ਤਮ ਕਰ ਦਿੱਤਾ ਸੀ ਪਰ ਉਪਰੋ ਕਥਿਤ ਸਿਆਸੀ ਦਬਾਅ ਹੇਠ ਛਾਣਬੀਣ ਦੇ ਨਾਮ ਹੇਠ ਟੀਮ ਕਰੀਬ 40 ਘੰਟੇ ਉਨ੍ਹਾਂ ਦੇ ਘਰ ਰੁਕੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਵਿਧਾਇਕ ਬਾਅਦ ਮੰਤਰੀ ਬਣਾਉਣ ਤੇ ਹੋਰ ਲਾਲਚ ਵੀ ਦਿੱਤੇ ਗਏ। ਉਹ ਪਾਰਟੀ ਪ੍ਰਤੀ ਵਫ਼ਾਦਾਰ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਹਨ।
ਇਸ ਮੌਕੇ ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਤੇ ਹੋਰ ਸਮਰਥਕ ਵੀ ਮੌਜੂਦ ਸਨ।





