ਖਟਕੜ ਕਲਾਂ,16 ਮਾਰਚ- ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੱਖੇ ਗਏ ਇੱਕ ਵੱਡੇ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਦੀ ਸਹੁੰ ਚੁਕਵਾਈ। ਇਸ ਤੋਂ ਬਾਅਦ ਮਾਨ ਨੇ ਸਟੇਜ ਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
ਇਸ ਮੌਕੇ ਸੰਬੋਧਨ ਕਰਦਿਆਂ ਸz. ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕਣ ਦਾ ਉਨ੍ਹਾਂ ਦਾ ਸੁਫ਼ਨਾ ਅੱਜ ਪੂਰਾ ਹੋ ਗਿਆ ਹੈ। ਮਾਨ ਨੇ ਕਿਹਾ ਕਿ ਪਹਿਲਾਂ ਸਹੁੰ ਚੁੱਕ ਸਮਾਗਮ ਮਹਿਲਾਂ, ਸਟੇਡੀਅਮਾਂ ਅਤੇ ਰਾਜ ਭਵਨਾਂ ਵਿੱਚ ਹੁੰਦੇ ਸਨ ਪਰ ਅੱਜ ਮੁੱਖ ਮੰਤਰੀ ਅਹੁਦੇ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਦੀ ਧਰਤੀ ਤੇ ਹੋਇਆ ਹੈ।
ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਕੁੱਝ ਕੁ ਤਾਰੀਖਾਂ ਤੇ ਹੀ ਕਿਉਂ ਯਾਦ ਕੀਤਾ ਜਾਂਦਾ ਹੈ, ਸਾਨੂੰ ਹਮੇਸ਼ਾ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਹੰਕਾਰ ਬਿਲਕੁਲ ਨਹੀਂ ਕਰਨਾ। ਉਹਨਾਂ ਨੂੰ ਅਜਿਹੀ ਖ਼ਬਰ ਨਹੀਂ ਮਿਲਣੀ ਚਾਹੀਦੀ ਕਿ ਆਮ ਆਦਮੀ ਪਾਰਟੀ ਨੇ ਕਿਸੇ ਨਾਲ ਧੱਕਾ ਕੀਤਾ।
ਉਹਨਾਂ ਕਿਹਾ ਕਿ ਭਗਤ ਸਿੰਘ ਨੂੰ ਫ਼ਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਕੀ ਹੋਵੇਗਾ, ਦੇਸ਼ ਵਿੱਚ ਸਿਆਸੀ ਪਾਰਟੀਆਂ ਨੇ 70 ਸਾਲ ਰਾਜ ਕੀਤਾ ਪਰ ਕੁੱਝ ਨਹੀਂ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵੀ ਫ਼ੈਸਲੇ ਲਵੇਗੀ ਸਾਰਿਆਂ ਨੇ ਉਸ ਦਾ ਸਾਥ ਦੇਣਾ ਹੈ, ਅਸੀਂ ਰਲ ਮਿਲ ਕੇ ਅੱਗੇ ਵਧਾਂਗੇ, ਪੰਜਾਬ ਨੂੰ ਸੁਨਹਿਰੀ ਬਣਾਵਾਂਗੇ। ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ, ਬਲਕਿ ਉਹਨਾਂ ਨੂੰ ਇੱਥੇ ਹੀ ਰੁਜਗਾਰ ਅਤੇ ਚੰਗੀ ਸਿਖਿਆ ਦੇ ਮੌਕੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਵਲੋਂ ਚੰਗੇ ਫ਼ੈਸਲੇ ਲਏ ਜਾਣਗੇ, ਜਿਸ ਤੇ ਸਾਰਿਆਂ ਨੂੰ ਮਾਣ ਹੋਵੇਗਾ। ਉਹਨਾਂ ਕਿਹਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਪਹਿਲਾਂ ਹੀ ਅਸੀਂ 70 ਸਾਲ ਲੇਟ ਹੋ ਚੁੱਕੇ ਹਾਂ, ਜਲਦ ਵੱਡੇ ਫ਼ੈਸਲੇ ਲਏ ਜਾਣਗੇ।





