ਲੁਧਿਆਣਾ, 31 ਮਾਰਚ 2022: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਕੰਮਕਾਜ ਦੀ ਵਿਜੀਲੈਂਸ ਜਾਂਚ ਦੇ ਹੁਕਮ ਦੇਣ ਅਤੇ ਨਾਲ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਵੱਲੋਂ ਕੀਤੇ ਘੁਟਾਲੇ ਦੀ ਸੀ ਬੀ ਆਈ ਜਾਂਚ ਲਈ ਸਿਫਾਰਸ਼ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਬਕਾ ਮੰਤਰੀ ਆਸ਼ੂ ਦੇ ਨਾਲ ਨਾਲ ਇੰਪਰੂਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਨਜ਼ਦੀਕੀਆਂ ਨੁੰ ਕਰੋੜਾਂ ਰੁਪਏ ਦਾ ਲਾਭ ਪਹੁੰਚਾ ਕੇ ਸਰਕਾਰੀ ਖ਼ਜ਼ਾਨੇ ਨੁੰ ਨੁਕਸਾਨ ਪਹੁੰਚਾਇਆ ਗਿਆ ਹੈ। ਉਹਨਾਂ ਕਿਹਾ ਕਿ ਟਰੱਸਟ ਨੁੰ ਨਿਯਮਾਂ ਵਿਚ ਉਹਨਾਂ ਸੋਧਾਂ ਦਾ ਵੀ ਨੁਕਸਾਨ ਹੋਇਆ ਹੈ ਜਿਹਨਾਂ ਦੇ ਕਾਰਨ ਡਿਫਾਲਟਰਾਂ ਦੀ ਜਾਇਦਾਦ ਨਿਲਾਮ ਕਰਨ ਦੀ ਥਾਂ ’ਤੇ ਉਹਨਾਂ ਦਾ ਜ਼ੁਰਮਾਨੇ ਵਜੋਂ ਵਿਆਜ਼ ਵੀ ਮੁਆਫ ਕਰ ਦਿੱਤਾ ਗਿਆ।
ਸਰਦਾਰ ਗਰੇਵਾਲ ਨੇ ਕਿਹਾ ਕਿ ਟਰੱਸਟ ਨੇ ਸ਼ਹਿਰ ਤੋਂ ਇਸਦੀ ਪ੍ਰਮੁੱਖ ਹਰਿਆਵਲ ਥਾਂ ਵੀ ਖੋਹ ਲਈ ਤੇ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ ਦੀ ਆਗਿਆ ਦੇ ਕੇ ਹਰਿਆਵਲੀ ਧਰਤੀ ’ਤੇ ਮਕਾਨਾਂ ਦੀ ਉਸਾਰੀ ਦੀ ਆਗਿਆ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਟਰੱਸਟ ਦੇ ਪੈਸੇ ਨਾਲ ਸੜਕਾਂ ’ਤੇ ਵੱਧ ਪ੍ਰੀਮਿਕਸ ਪਾਉਣ ’ਤੇ ਅਤੇ ਇੰਟਰਲਾਕਿੰਗ ਟਾਈਲਾਂ ਉਸ ਥਾਂ ’ਤੇ ਲਾਉਣ ’ਤੇ ਬਰਬਾਦ ਕੀਤਾ ਗਿਆ ਜੋ ਥਾਂ ਟਰੱਸਟ ਦੀ ਹੈ ਵੀ ਨਹੀਂ ਸੀ।
ਅਕਾਲੀ ਆਗੂ ਨੇ ਕਿਹਾ ਕਿ ਇਹ ਘੁਟਾਲੇ ਨਗਰ ਨਿਗਮ ਕਮਿਸ਼ਨ ਦੇ ਧਿਆਨ ਵਿਚ ਵੀ ਲਿਆਂਦੇ ਗਏ ਸਨ ਪਰ ਅਫਸਰ ਇਸ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਿਹਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਕ ਵਿਸਥਾਰਿਤ ਰਿਪੋਰਟ ਹੀ ਸਾਬਕਾ ਮੰਤਰੀ ਆਸ਼ੂ ਦੇ ਨਾਲ ਨਾਲ ਸਾਬਕਾ ਚੇਅਰਮੈਨ ਦੇ ਮਾੜੇ ਕੰਮਾਂ ਦਾ ਪਰਦਾਫਾਸ਼ ਕਰ ਸਕਦੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਵੱਖਰੇ ਤੌਰ ’ਤੇ ਮੁੱਖ ਮੰਤਰੀ ਦੇ ਧਿਆਂਨ ਵਿਚ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਲੁਧਿਆਣਾ ਦੇ ਵਸਨੀਕ ਚਾਹੁੰਦੇ ਹਨ ਕਿ ਇਹਨਾਂ ਅਪਰਾਧਾਂ ਲਈ ਇੰਪਰੂਵਮੈਂਟ ਟਰੱਸਟ ਅਤੇ ਇਸਦੇ ਅਹੁਦੇਦਾਰਾਂ ਨੁੰ ਜ਼ਿੰਮੇਵਾਰ ਠਹਿਰਾਇਆ ਜਾਵੇ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਟਰੱਸਟ ਨੂੰ ਕਾਂਗਰਸ ਦੇ ਕਾਰਜਕਾਲ ਦੌਰਾਨ ਕੀਤੇ ਆਪਣੇ ਸਾਰੇ ਗੈਰ ਕਾਨੁੰਨੀ ਕੰਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਟਰੱਸਟ ਪੂਰੇ ਪਾਰਦਰਸ਼ੀ ਢੰਗ ਨਾਲ ਚੱਲੇ।





