First Centenary of Saka Sri Panja Sahib: ਗੁਰਦੁਆਰਾ ਸ੍ਰੀ ਪੰਜਾ ਸਾਹਿਬ (Panja Sahib Gurdawara) ਦੇ ਸ਼ਹੀਦੀ ਸਾਕੇ ਦੇ 100 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਕੀਤੀ ਗਈ ਬੈਠਕ ਦੌਰਾਨ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਇੱਕ ਵਿਸ਼ੇਸ਼ ਜਥਾ ਲੈ ਕੇ ਜਾਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ।
ਚੰਡੀਗੜ੍ਹ: First Centenary of Saka Sri Panja Sahib: ਗੁਰਦੁਆਰਾ ਸ੍ਰੀ ਪੰਜਾ ਸਾਹਿਬ (Panja Sahib Gurdawara) ਦੇ ਸ਼ਹੀਦੀ ਸਾਕੇ ਦੇ 100 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਕੀਤੀ ਗਈ ਬੈਠਕ ਦੌਰਾਨ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਇੱਕ ਵਿਸ਼ੇਸ਼ ਜਥਾ ਲੈ ਕੇ ਜਾਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ।
ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhammi) ਦੀ ਅਗਵਾਈ ਵਿਚ ਸ਼ਤਾਬਦੀ ਕਮੇਟੀ ਦੀ ਇਕੱਤਰਤਾ ਦੌਰਾਨ ਇਸ ਇਤਿਹਾਸਕ ਮੌਕੇ ’ਤੇ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤੈਅ ਕਰਦਿਆਂ ਭਾਰਤ ਅਤੇ ਪਾਕਿਸਤਾਨ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਵਿਚ ਸ੍ਰੀ ਪੰਜਾ ਸਾਹਿਬ ਸਾਕੇ ਦੇ ਸ਼ਹੀਦਾਂ ਸਬੰਧੀ ਕਿਤਾਬਚੇ ਤਿਆਰ ਕਰਵਾ ਕੇ ਵੰਡਣ ਅਤੇ ਸਕੂਲਾਂ ਕਾਲਜਾਂ ਵਿਚ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਉਣ ’ਤੇ ਮੋਹਰ ਲਗਾਈ ਗਈ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 30 ਅਕਤੂਬਰ 2022 ਨੂੰ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਪੰਥਕ ਜਾਹੋ-ਜਲਾਲ ਮਨਾਈ ਜਾਵੇਗੀ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਤਿਆਰੀਆਂ ਆਰੰਭੀਆਂ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦਾ ਜਥਾ ਸ਼ਾਮਲ ਹੋਵੇਗਾ। ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਸਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਦੇ ਸਬੰਧਤ ਵਿਭਾਗ ਨਾਲ ਵਿਚਾਰ-ਵਟਾਂਦਰੇ ਲਈ ਇਕ ਵਫ਼ਦ ਪਾਕਿਸਤਾਨ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਵੀਜ਼ਾ ਫੀਸ ਆਦਿ ਦੇ ਖਰਚੇ ਧਰਮ ਪ੍ਰਚਾਰ ਕਮੇਟੀ ਕਰੇਗੀ। ਉਨ੍ਹਾਂ ਕਿਹਾ ਕਿ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਸਬੰਧੀ 29 ਤੇ 30 ਅਕਤੂਬਰ ਨੂੰ ਦੋ ਦਿਨਾਂ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਵੀ ਕਰਵਾਇਆ ਜਾਵੇਗਾ, ਜਿਸ ਵਿਚ ਪੰਥ ਦੀ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਇਕ ਸਮਾਗਮ 22 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿ: ਸੁਰਿੰਦਰ ਸਿੰਘ, ਅੰਤ੍ਰਿੰਗ ਮੈਂਬਰ ਅਮਰਜੀਤ ਸਿੰਘ ਬੰਡਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਸਕੱਤਰ ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਯਾਤਰਾ ਵਿਭਾਗ ਦੇ ਇੰਚਾਰਜ ਬਲਵਿੰਦਰ ਸਿੰਘ ਖੈਰਾਬਾਦ ਆਦਿ ਮੌਜੂਦ ਸਨ।






