ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਸ਼ੁੱਕਰਵਾਰ ਵੱਖ ਵੱਖ ਜਥੇਬੰਦੀਆਂ,ਆਮ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਇਸ ਪ੍ਰਦਰਸ਼ਨ ਨੂੰ ਫਿਲਹਾਲ ਚੁੱਕ ਦਿੱਤਾ ਗਿਆ ਹੈ ਅਤੇ 14 ਅਗਸਤ ਨੂੰ ਮੁੜ ਇਕੱਠ ਸੱਦਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਝੋਟਾ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਕਿਸਾਨਾਂ ਦੀ ਚਿਤਾਵਨੀ
ਇਸ ਪ੍ਰਦਰਸ਼ਨ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਨਸ਼ਾ ਵਿਰੋਧੀ ਅੰਦੋਲਨ ਵਿੱਚ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ,ਜੇ ਸਰਕਾਰ ਪਰਵਿੰਦਰ ਸਿੰਘ ਨੂੰ ਰਿਹਾਅ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਘੱਟੋ ਘੱਟ 65 ਮੈਂਬਰੀ ਕਮੇਟੀ ਬਣ ਗਈ ਹੈ,ਸੰਯੁਕਤ ਕਿਸਾਨ ਮੋਰਚਾ ਪੂਰੀ ਹਮਾਇਤ ਕਰੇਗਾ। ਮਾਨਸਾ ਜ਼ਿਲ੍ਹੇ ਤੋਂ ਅਸੀਂ ਨਸ਼ੇ ਖਿਲਾਫ਼ ਲੜਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਕੋਈ ਬਦਮਾਸ਼ ਤਾਂ ਹੈ ਨਹੀਂ, ਉਹ ਨਸ਼ਾ ਹੀ ਛੁਡਾ ਰਿਹਾ ਸੀ।
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਵੀ ਸਰਕਾਰ ਸ਼ੁਰੂਆਤ ਵਿੱਚ ਕਹਿੰਦੀ ਰਹੀ ਕਿ ਇਹ ਮੁੱਠੀ ਭਰ ਲੋਕ ਹੀ ਹਨ। ਇਸ ਧਰਨੇ ਵਿੱਚ ਵੀ ਸਰਕਾਰ ਇਹੀ ਧਾਰਨਾ ਬਣਾ ਰਹੀ ਹੈ। ਸਰਕਾਰ ਡਰੀ ਹੋਈ ਹੈ। ਏਡੀਜੀਪੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਝੋਟੇ ਦੇ ਮੁੱਦੇ ਉੱਤੇ ਹੀ ਵਾਰ ਵਾਰ ਗੱਲ ਕਰ ਰਿਹਾ ਸੀ। ਵੱਧ ਜ਼ੋਰ ਲਾ ਕੇ ਬੋਲਣਾ ਡਰੇ ਹੋਣ ਦੀ ਨਿਸ਼ਾਨੀ ਹੈ। ਸਰਕਾਰ ਦੇ ਗੋਡੇ ਟੇਕਣ ਵਿੱਚ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ। ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਵਿੱਚ ਇਹ ਸਭ ਕੁਝ ਹੋ ਰਿਹਾ ਹੈ।
ਡੱਲੇਵਾਲ ਨੇ ਕਿਹਾ ਕਿ ਹਰੇਕ ਪੇਨਕਿਲਰ ਵਿੱਚ ਮੋਰਫਿਨ ਹੈ, ਹੋ ਸਕਦਾ ਹੈ ਕਿ ਪ੍ਰਸ਼ਾਸਨ ਨੇ ਪਰਵਿੰਦਰ ਸਿੰਘ ਦੇ ਡੋਪ ਟੈਸਟ ਤੋਂ ਪਹਿਲਾਂ ਚਾਹ ਜਾਂ ਸਬਜ਼ੀ ਵਿੱਚ ਮੋਰਫਿਨ ਪਾ ਕੇ ਉਸਨੂੰ ਦੇ ਦਿੱਤੀ ਹੋਵੇ, ਕੀ ਤਸੱਲੀ ਕੀਤੀ ਜਾ ਸਕਦੀ ਹੈ। ਜਦੋਂ ਏਨੀ ਵੱਡੀ ਸਾਜਿਸ਼ ਰਚੀ ਜਾ ਰਹੀ ਹੈ, ਤਾਂ ਇਹ ਕਿਹੜੀ ਔਖੀ ਗੱਲ ਹੈ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਖਿਲਾਫ਼ ਅੰਦੋਲਨ ਸ਼ੁਰੂ ਹੋਇਆ ਹੈ। ਨਸ਼ਿਆਂ ਦੇ ਖਿਲਾਫ਼ ਨੌਜਵਾਨ ਪੀੜੀ ਅੱਗੇ ਆਈ ਹੈ। ਇਸ ਮੁਹਿੰਮ ਵਿੱਚ ਫੜੇ ਗਏ ਸਾਡੇ ਬੱਚੇ ਜਦੋਂ ਤੱਕ ਜੇਲ੍ਹ ਵਿੱਚ ਬੰਦ ਰਹਿਣਗੇ, ਇਹ ਅੰਦੋਲਨ ਉਦੋਂ ਤੱਕ ਹੋਰ ਤੇਜ਼ ਹੁੰਦਾ ਜਾਵੇਗਾ। ਇਸ ਦੇਸ਼ ਦਾ ਨੌਜਵਾਨ ਨਸ਼ਾ ਮੁਕਤੀ ਚਾਹੁੰਦਾ ਹੈ।






