ਚੀਲ ਮੰਡੀ ਇਲਾਕੇ ‘ਚ ਦੇਰ ਰਾਤ ਕੁਝ ਨੌਜਵਾਨਾਂ ਨੇ ਇਕ ਹੋਟਲ ‘ਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਹੋਟਲ ਦੇ ਬੋਰਡ ‘ਤੇ ਫਾਇਰਿੰਗ ਕੀਤੀ ਤੇ ਉਥੇ ਭੰਨਤੋੜ ਵੀ ਕੀਤੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੋਟਲ ਨੂੰ ਕਾਫੀ ਨੁਕਸਾਨ ਹੋਇਆ ਹੈ। ਹੋਟਲ ਮੈਨੇਜਰ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਨੌਜਵਾਨ ਦੇਰ ਰਾਤ ਆਏ ਅਤੇ ਗੋਲੀਆਂ ਕਿਉਂ ਚਲਾਈਆਂ। ਉਸ ਨੇ ਦੱਸਿਆ ਕਿ ਦੇਰ ਰਾਤ ਅਚਾਨਕ ਉਸ ਦੇ ਹੋਟਲ ਦੇ ਬਾਹਰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਨੇ ਜਾ ਕੇ ਦੇਖਿਆ ਤਾਂ ਬਾਹਰ ਕਰੀਬ 30 ਤੋਂ 35 ਨੌਜਵਾਨ ਖੜ੍ਹੇ ਸਨ ਅਤੇ ਉਸ ਨੂੰ ਬਾਹਰ ਆਉਣ ਲਈ ਕਹਿ ਰਹੇ ਸਨ। ਉਸ ਨੇ ਡਰ ਕਾਰਨ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਉੱਪਰ ਵੱਲ ਭੱਜਿਆ।
ਜਦੋਂ ਉੱਪਰ ਗਏ ਤਾਂ ਦੇਖਿਆ ਕਿ ਨੌਜਵਾਨਾਂ ਨੇ ਪਹਿਲਾਂ ਬੋਤਲਾਂ ਸੁੱਟੀਆਂ ਅਤੇ ਫਿਰ ਗੋਲੀਆਂ ਚਲਾਈਆਂ। ਜਦੋਂ ਕੋਈ ਨਜ਼ਰ ਨਾ ਆਇਆ ਤਾਂ ਉਨ੍ਹਾਂ ਬੋਰਡ ‘ਤੇ ਹੀ ਫਾਇਰਿੰਗ ਕਰਦੇ ਰਹੇ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਤੋਂ ਬਾਅਦ ਉਸ ਨੇ ਹੋਟਲ ਮਾਲਕ ਨੂੰ ਫੋਨ ਕੀਤਾ, ਜਿਸ ਨੇ ਮੌਕੇ ‘ਤੇ ਪੁਲਸ ਨੂੰ ਸੂਚਨਾ ਦਿੱਤੀ।
ਥਾਣਾ ਬੀ ਡਿਵੀਜ਼ਨ ਦੇ ਐਸਐਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੀ ਪਾਰਕਿੰਗ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਜਿਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।






