ਲੋਕ ਇਨਸਾਫ਼ ਪਾਰਟੀ (LIP) ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਐਤਵਾਰ ਨੂੰ ਸਾਰਾ ਦਿਨ ਚੱਲਦੀ ਰਹੀ। ਹਾਲਾਂਕਿ ਦੇਰ ਸ਼ਾਮ ਤਕ ਬੈਂਸ ਭਰਾ ਭਾਜਪਾ ’ਚ ਸ਼ਾਮਲ ਨਹੀਂ ਹੋਏ। ਭਾਜਪਾ ’ਚ ਸ਼ਾਮਲ ਹੋਣ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਜਾਂ ਨਾ ਹੋਣ ਗੱਲ ਪਾਰਟੀ ਫੋਰਮ ’ਚ ਅਹੁਦੇਦਾਰਾਂ ਤੇ ਵਰਕਰਾਂ ਦੇ ਸਾਹਮਣੇ ਰੱਖੀ ਜਾਵੇਗੀ। ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਭਾਜਪਾ ’ਚ ਸ਼ਾਮਲ ਹੋਣ ਜਾਂ ਗੱਠਜੋੜ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਬੈਂਸ ਭਰਾ ਚੰਡੀਗੜ੍ਹ ’ਚ ਸਨ। ਚੰਡੀਗੜ੍ਹ ’ਚ ਭਾਜਪਾ ਦਾ ਸੂਬਾਈ ਦਫ਼ਤਰ ਹੈ। ਇਸ ਕਾਰਨ ਚਰਚਾ ਸ਼ੁਰੂ ਹੋ ਗਈ ਕਿ ਉਹ ਚੰਡੀਗੜ੍ਹ ਭਾਜਪਾ ਦਫ਼ਤਰ ’ਚ ਪਹੁੰਚ ਕੇ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਪਾਰਟੀ ਸੂਤਰਾਂ ਮੁਤਾਬਕ ਬੈਂਸ ਦੀਆਂ ਕੁਝ ਸ਼ਰਤਾਂ ਹਨ। ਇਸ ਕਾਰਨ ਭਾਜਪਾ ’ਚ ਸ਼ਾਮਲ ਹੋਣ ’ਤੇ ਪੇਚ ਫਸਿਆ ਹੈ।
ਉਧਰ, ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਆਗੂਆਂ ਤੇ ਵਰਕਰਾਂ ਦੀ ਸਹਿਮਤੀ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਪਾਰਟੀ ’ਚ ਸ਼ਾਮਲ ਹੋਣ ਜਾਂ ਗੱਠਜੋੜ ਕਰਨ ਸਬੰਧੀ ਸ਼ਰਤਾਂ ਹੁੰਦੀਆਂ ਹਨ। ਉਸ ’ਤੇ ਫ਼ੈਸਲਾ ਲੈਣਾ ਹੁੰਦਾ ਹੈ।
ਬੈਂਸ ਭਰਾ ਪਾਰਟੀ ਦੇ ਸੰਪਰਕ ’ਚ : ਧੀਮਾਨ
ਉਧਰ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਮੰਨਿਆ ਕਿ ਬੈਂਸ ਭਰਾ ਪਾਰਟੀ ਦੇ ਸੰਪਰਕ ’ਚ ਹਨ। ਦੱਸਿਆ ਕਿ ਇਸ ’ਤੇ ਹਾਈ ਕਮਾਨ ਫ਼ੈਸਲਾ ਲਵੇਗੀ। ਫ਼ਿਲਹਾਲ ਇਸ ’ਤੇ ਪਾਰਟੀ ਮੰਥਨ ਕਰ ਰਹੀ ਹੈ।






