ਸਾਰਾ ਪਰਿਵਾਰ ਖੁਸ਼ ਸੀ ਕਿ ਜਲਦੀ ਹੀ ਛੋਟੇ ਪੁੱਤਰ ਦੀ ਵਹੁਟੀ ਵੀ ਘਰ ਲੈ ਆਵੇਗਾ। ਨਵੀਂ ਵਹੁਟੀ ਆਵੇਗੀ ਤਾਂ ਪਰਿਵਾਰ ਵਿਚ ਖੁਸ਼ੀਆਂ ਹੋਰ ਵੀ ਵੱਧ ਜਾਣਗੀਆਂ। ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਸਭ ਤੋਂ ਛੋਟਾ ਪੁੱਤਰ ਕੰਮ ਲਈ ਘਰ ਛੱਡ ਕੇ ਜਾ ਰਿਹਾ ਅਤੇ ਉਥੋਂ ਉਹ ਮੌਤ ਦੇ ਆਗੋਸ਼ ਵਿਚ ਚਲਾ ਜਾਵੇਗਾ। ਪਿੰਡ ਚਮਿਆਰੀ ਵਿਚ ਇਹੋ ਗੱਲ ਹਰ ਕਿਸੇ ਦੇ ਬੁੱਲਾਂ ’ਤੇ ਸੀ ਕਿ ਵਿਆਹ ਦੀਆਂ ਸ਼ਹਿਨਾਈਆਂ ਵਜਾਉਣ ਤੋਂ ਪਹਿਲਾਂ ਹੀ ਮੌਤ ਨੇ ਘੇਰ ਲਿਆ ਤੇ ਮਾਤਮ ਛਾ ਗਿਆ।
ਅੰਮ੍ਰਿਤਪਾਲ ਸਿੰਘ ਦੀ ਮੰਗਣੀ ਮਹੀਨਾ ਪਹਿਲਾਂ ਹੀ ਹੋਈ ਸੀ ਅਤੇ ਸਾਰਾ ਪਰਿਵਾਰ ਵਿਆਹ ਦੀ ਤਰੀਕ ਤੈਅ ਕਰਨ ਲਈ ਉਤਾਵਲਾ ਸੀ। ਪਰ ਬੁੱਧਵਾਰ ਰਾਤ ਨੂੰ ਜਿਵੇਂ ਹੀ ਇਹ ਖ਼ਬਰ ਮਿਲੀ ਕਿ ਸ੍ਰੀ ਨਗਰ ਵਿਖੇ ਗਏ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਕਿਸੇ ਵੀ ਘਰ ਵਿਚ ਚੁੱਲ੍ਹਾ ਨਹੀਂ ਬਲਿਆ। ਅੰਮ੍ਰਿਤਪਾਲ ਸਿੰਘ ਦੇ ਸੱਤ ਭੈਣ-ਭਰਾ ਹਨ ਅਤੇ ਉਹ ਪਰਿਵਾਰ ਵਿਚ ਸਭ ਤੋਂ ਛੋਟਾ ਅਤੇ ਲਾਡਲਾ ਸੀ। ਇਸ ਲਈ ਉਸ ਦੇ ਬਾਕੀ ਸਾਰੇ ਵੱਡੇ ਭੈਣ-ਭਰਾ ਆਪਣੇ ਸਭ ਤੋਂ ਛੋਟੇ ਭਰਾ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਤੇ ਇਸ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ।
ਬਚਪਨ ਤੋਂ ਦੋਸਤ ਸਨ ਤੇ ਮੌਤ ਵੀ ਇਕੱਠਿਆਂ ਨੂੰ ਆਈ
ਅੰਮ੍ਰਿਤਪਾਲ ਸਿੰਘ ਅਕਸਰ ਕੰਮ ਲਈ ਸ੍ਰੀਨਗਰ ਜਾਂਦਾ ਰਹਿੰਦਾ ਸੀ। ਇਸ ਵਾਰ ਉਸ ਨੇ ਰੋਹਿਤ ਨਾਲ ਸ੍ਰੀਨਗਰ ਜਾਣ ਦੀ ਗੱਲ ਕੀਤੀ ਤੇ ਉਹ ਮੰਨ ਗਿਆ। ਕਿਉਂਕਿ ਦੋਵੇਂ ਬਚਪਨ ਦੇ ਦੋਸਤ ਸਨ ਅਤੇ ਅਕਸਰ ਇਕੱਠੇ ਕੰਮ ’ਤੇ ਵੀ ਜਾਂਦੇ ਸਨ। ਪਿੰਡ ਵਾਸੀ ਉਨ੍ਹਾਂ ਦੀ ਸ੍ਰੀਨਗਰ ਵਿਚ ਇਕੱਠੇ ਹੋਈ ਮੌਤ ਨੂੰ ਦੇਖ ਕੇ ਭਾਵੁਕ ਹੋਏ ਸਨ ਅਤੇ ਵਾਰ-ਵਾਰ ਉਨ੍ਹਾਂ ਦੀ ਦੋਸਤੀ ਦੇ ਕਿੱਸੇ ਸੁਣਾ ਰਹੇ ਸਨ ਕਿ ਕਿਵੇਂ ਬਚਪਨ ਤੋਂ ਬਾਅਦ ਜਦੋਂ ਵੀ ਅੰਮ੍ਰਿਤਪਾਲ ਸਥਾਨਕ ਹੁੰਦਾ ਤਾਂ ਦੋਵੇਂ ਇਕੱਠੇ ਘੁੰਮਦੇ। ਅਜਿਹੇ ’ਚ ਦੋਵਾਂ ਨੂੰ ਮੌਤ ਨੇ ਵੀ ਇਕੱਠੇ ਗਲ ਲਗਾ ਲਿਆ।
ਪਰਿਵਾਰ ਦੀ ਗਰੀਬੀ ਨੂੰ ਖ਼ਤਮ ਕਰਨਾ ਚਾਹੁੰਦਾ ਸੀ ਰੋਹਿਤ
ਰੋਹਿਤ ਮਸੀਹ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ ਅਤੇ ਘਰ ਦਾ ਇਕੱਲਾ ਰੋਟੀ ਕਮਾਉਣ ਵਾਲਾ ਸੀ। ਇਸ ਵੇਲੇ ਉਹ ਇੱਥੇ ਕੋਈ ਛੋਟਾ-ਮੋਟਾ ਕੰਮ ਕਰਕੇ ਜਾਂ ਘਰ ਪੇਂਟਿੰਗ ਆਦਿ ਕਰਕੇ ਰੁਜ਼ਗਾਰ ਕਮਾ ਰਿਹਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਪੰਜਾਬ ਦੇ ਮੁਕਾਬਲੇ ਸ੍ਰੀਨਗਰ ਵਿਚ ਵੱਧ ਮਜ਼ਦੂਰੀ ਮਿਲ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰ ਦੀ ਗਰੀਬੀ ਖਤਮ ਕਰਨ ਲਈ ਅੰਮ੍ਰਿਤਪਾਲ ਸਿੰਘ ਨਾਲ ਗਿਆ ਤਾਂ ਕਿ ਜੇਕਰ ਜ਼ਿਆਦਾ ਪੈਸਾ ਕਮਾਏਗਾ ਤਾਂ ਆਪਣੇ ਪਰਿਵਾਰ ਲਈ ਕੁਝ ਖੁਸ਼ੀ ਦੇ ਪਲ ਖਰੀਦ ਸਕੇ। ਪਰ ਸੁੱਖਾਂ ਦੀ ਖਰੀਦਦਾਰੀ ਕਰਦਿਆਂ ਉਹ ਆਪਣੇ ਬੁੱਢੇ ਮਾਂ-ਬਾਪ ਨੂੰ ਸਦਾ ਲਈ ਗਮ ਵਿਚ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਿਆ।






