ਨਕਾਬਪੋਸ਼ ਬਦਮਾਸ਼ ਸੋਮਵਾਰ ਦੁਪਹਿਰ ਨੂੰ ਗਿਆਸਪੁਰਾ ਦੀ ਮੱਕੜ ਕਾਲੋਨੀ ਇਲਾਕੇ ਦੀ ਮਨੀ ਟ੍ਾਂਸਫਰ ਕਰਨ ਵਾਲੀ ਇਕ ਦੁਕਾਨ ਦੇ ਅੰਦਰ ਦਾਖ਼ਲ ਹੋਏ ਅਤੇ ਪਿਸਤੌਲ ਦੀ ਨੋਕ ‘ਤੇ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਉਸ ਕੋਲੋਂ 70 ਹਜ਼ਾਰ ਰੁਪਏ ਦੀ ਰਕਮ ਲੁੱਟ ਲਈ। ਦੁਕਾਨਦਾਰ ਨੇ ਜਦ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲ਼ੀ ਮਾਰ ਦੇਣ ਦੀ ਧਮਕੀ ਦਿੱਤੀ ਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਅਤੇ ਕ੍ਰਾਈਮ ਬ੍ਾਂਚ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਵਾਰਦਾਤ ਦੀਆਂ ਤਸਵੀਰਾਂ ਦੁਕਾਨ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ। ਪੁਲਿਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਲਈ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਚਿੱਟੇ ਦਿਨ ਵਾਪਰੀ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਮੱਕੜ ਕਾਲੋਨੀ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਕੜ ਕਾਲੋਨੀ ਇਲਾਕੇ ਵਿਚ ਪੈਂਦੇ ਵਿਕਾਸ ਟੈਲੀਕਾਮ ਦੇ ਮਾਲਕ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਗਾਹਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਨ ਵਿਚ ਰੁੱਿਝਆ ਹੋਇਆ ਸੀ। ਇਸ ਦੌਰਾਨ ਦੋ ਨਕਾਬਪੋਸ਼ ਵਿਅਕਤੀ ਉਨੀ ਟੋਪੀਆਂ ਪਹਿਨ ਕੇ ਦੁਕਾਨ ਅੰਦਰ ਦਾਖ਼ਲ ਹੋਏ। ਅੰਦਰ ਵੜਦੇ ਹੀ ਮੁਲਜ਼ਮਾਂ ਨੇ ਪਿਸਤੌਲ ਤਾਣ ਕੇ ਸਾਰੀ ਰਕਮ ਉਨ੍ਹਾਂ ਦੇ ਹਵਾਲੇ ਕਰ ਦੇਣ ਦੀ ਧਮਕੀ ਦਿੱਤੀ। ਦੁਕਾਨਦਾਰ ਨੇ ਦੱਸਿਆ ਕਿ ਉਸਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਬੁਰੀ ਤਰ੍ਹਾਂ ਭੜਕੇ ਬਦਮਾਸ਼ਾਂ ਨੇ ਉਸ ਦੇ ਸਿਰ ਉੱਪਰ ਪਿਸਤੌਲ ਤਾਣ ਦਿੱਤੀ ਅਤੇ ਗੋਲ਼ੀ ਮਾਰ ਦੇਣ ਦਾ ਡਰਾਵਾ ਦਿੱਤਾ। ਮੁਲਜ਼ਮਾਂ ਨੇ ਗੱਲੇ ਵਿਚ ਪਈ 70 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਅਤੇ ਦੁਕਾਨ ਦੇ ਬਾਹਰ ਖੜ੍ਹੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਬਦਮਾਸ਼ਾਂ ਦੇ ਫ਼ਰਾਰ ਹੋਣ ਤੋਂ ਬਾਅਦ ਦੁਕਾਨਦਾਰ ਨੇ ਬਾਹਰ ਆ ਕੇ ਰੌਲਾ ਪਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਤੋਂ ਬਾਅਦ ਚੌਕੀ ਗਿਆਸਪੁਰਾ ਦੇ ਇੰਚਾਰਜ ਏਐੱਸਆਈ ਧਰਮਿੰਦਰ ਸਿੰਘ ਮੌਕੇ ਤੇ ਪਹੁੰਚੇ। ਕੁਝ ਹੀ ਸਮੇਂ ਬਾਅਦ ਸੀਆਈਏ ਦੀ ਟੀਮ ਅਤੇ ਹੋਰ ਪੁਲਿਸ ਪਾਰਟੀ ਵੀ ਮੌਕੇ ਤੇ ਆ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੀਤੀ ਰੇਕੀ
ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਪੂਰੀ ਯੋਜਨਾ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੂੰ ਇੰਝ ਜਾਪਦਾ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਰੇਕੀ ਕੀਤੀ। ਉਧਰੋਂ ਜਾਣਕਾਰੀ ਦਿੰਦਿਆਂ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਬਦਮਾਸ਼ ਸੋਮਵਾਰ ਨੂੰ ਦੁਕਾਨ ਦੇ ਬਾਹਰ ਚੱਕਰ ਲਗਾ ਰਹੇ ਸਨ। ਮੋਟਰਸਾਈਕਲ ‘ਤੇ ਕਈ ਗੇੜੇ ਮਾਰਨ ਤੋਂ ਬਾਅਦ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਕਰ ਰਹੀ ਹੈ ਮੁਲਜ਼ਮਾਂ ਦੀ ਸ਼ਨਾਖਤ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਬਦਮਾਸ਼ਾਂ ਦੀ ਸ਼ਨਾਖ਼ਤ ਕਰਨ ਵਿਚ ਜੁਟੀ ਹੋਈ ਹੈ। ਪੁਲਿਸ ਨੂੰ ਜਾਪ ਰਿਹਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਜਾਵੇਗੀ। ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਸੀਆਈਏ ਸਟਾਫ 3 ਦੀ ਟੀਮ ਵੀ ਮੌਕੇ ‘ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਸ਼ੱਕ ਹੈ ਕਿ ਇਸੇ ਗਿਰੋਹ ਨੇ 25 ਦਿਨ ਪਹਿਲਾਂ ਚੰਡੀਗੜ੍ਹ ਰੋਡ ‘ਤੇ ਗਹਿਣਿਆਂ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।






