ਧਰੌੜ ਇਲਾਕੇ ‘ਚ ਇਕ ਨੌਜਵਾਨ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਇੰਨੀ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਕਿ ਉਸਦੀ ਹਾਲਤ ਖ਼ਰਾਬ ਹੋ ਗਈ। ਬੇਹੋਸ਼ੀ ਦੀ ਹਾਲਤ ‘ਚ ਨੌਜਵਾਨ ਨੂੰ ਅਪੋਲੋ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਿੰਡ ਧਰੌੜ ਦੇ ਰਹਿਣ ਵਾਲੇ ਰਾਜਵੀਰ ਸਿੰਘ ਦੀ ਸ਼ਿਕਾਇਤ ‘ਤੇ ਧਰੋੜ ਦੇ ਵਾਸੀ ਨਰੇਸ਼ ਪਾਸਵਾਨ, ਵਿਪਿਨ ਪਾਸਵਾਨ, ਉਮੈਦਪੁਰ ਦੇ ਰਹਿਣ ਵਾਲੇ ਸੰਨੀ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਧਰੋੜ ਦੇ ਰਹਿਣ ਵਾਲੇ ਰਾਜਵੀਰ ਸਿੰਘ ਨੇ ਦੱਸਿਆ ਕਿ ਉਸਦਾ ਸਾਲਾ ਵਿਪਨ ਸਿੰਘ ਕਈ ਸਾਲਾਂ ਤੋਂ ਉਨ੍ਹਾਂ ਦੇ ਕੋਲ ਹੀ ਰਹਿੰਦਾ। ਸਵੇਰ ਵੇਲੇ ਵਿਪਨ ਸਿੰਘ ਛੱਤ ‘ਤੇ ਕੱਪੜੇ ਸੁੱਕਣੇ ਪਾ ਕੇ ਹੇਠਾਂ ਉਤਰ ਰਿਹਾ ਸੀ। ਵਿਪਨ ਨੇ ਦੇਖਿਆ ਕਿ ਨਰੇਸ਼ ਪਾਸਵਾਨ ਦੀ ਬੇਟੀ ਕਿਸੇ ਲੜਕੇ ਨਾਲ ਵੀਡੀਓ ਕਾਲ ਕਰ ਰਹੀ ਸੀ। ਉਸ ਨੇ ਜਦ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਲੜਕੀ ਨੇ ਉਸ ਉੱਪਰ ਛੇੜਛਾੜ ਦਾ ਇਲਜ਼ਾਮ ਲਗਾ ਦਿੱਤਾ। ਇਸ ਘਟਨਾ ਬਾਰੇ ਜਿਵੇਂ ਹੀ ਨਰੇਸ਼ ਪਾਸਵਾਨ ਤੇ ਵਿਪਨ ਪਾਸਵਾਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਨੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਵਿਪਨ ਸਿੰਘ ਦੀ ਕਮਰੇ ਵਿਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿਪਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਹਾਲਤ ਖ਼ਰਾਬ ਹੋ ਗਈ। ਇੱਥੇ ਹੀ ਬੱਸ ਨਹੀਂ ਮੁਲਜ਼ਮ ਵਿਪਨ ਸਿੰਘ ਨੂੰ ਕਮਰੇ ‘ਚੋਂ ਬਾਹਰ ਲੈ ਆਏ ਅਤੇ ਦਰੱਖ਼ਤ ਨਾਲ ਬੰਨ੍ਹ ਕੇ ਉਸਦੀ ਕੁੱਟਮਾਰ ਕਰਨ ਲੱਗ ਪਏ। ਦਰੱਖ਼ਤ ਨਾਲ ਬੰਨ੍ਹਣ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਰਾਜਵੀਰ ਸਿੰਘ ਨੇ ਵਿਪਨ ਸਿੰਘ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੋਂ ਉਸ ਨੂੰ ਅਪੋਲੋ ਹਸਪਤਾਲ ਭੇਜ ਦਿੱਤਾ ਗਿਆ। ਹਾਲਤ ਜ਼ਿਆਦਾ ਖ਼ਰਾਬ ਹੁੰਦੀ ਦੇਖ ਵਿਪਨ ਸਿੰਘ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਧਰੋਂ ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।






