ਸ੍ਰੀ ਚਮਕੌਰ ਸਾਹਿਬ ਦੇ ਘੁਮਿਆਰ ਮਹੱਲੇ ਵਿਚ ਹੋਏ ਕਤਲ ਮਾਮਲੇ ’ਚ ਪੁਲਿਸ ਨੇ ਦੋ ਘੰਟਿਆਂ ਵਿਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ। ਐੱਸਪੀ (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਸਰਾਂ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇ੍ਰਮ ਚੰਦ (52) ਦੇ ਕਤਲ ਸਬੰਧੀ ਉਸ ਦੇ ਪੁੱਤਰ ਸੰਦੀਪ ਖਾਨ ਦੇ ਬਿਆਨ ’ਤੇ ਕਰਨਦੀਪ ਸਿੰਘ ਵਾਸੀ ਘੁਮਿਆਰ ਮੁਹੱਲਾ, ਸ੍ਰੀ ਚਮਕੌਰ ਸਾਹਿਬ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।
ਐਤਵਾਰ ਰਾਤ ਕਰੀਬ 8:50 ਵਜੇ ਸੰਦੀਪ ਖਾਨ ਆਪਣੇ ਮਾਤਾ-ਪਿਤਾ ਲਈ ਦੁੱਧ ਲੈ ਕੇ ਚੁਬਾਰੇ ਵਿਚ ਉਨ੍ਹਾਂ ਦੇ ਕਮਰੇ ਨੂੰ ਪੌੜੀ ਚੜ੍ਹ ਕੇ ਜਾ ਰਿਹਾ ਸੀ ਤਾਂ ਗੁਆਂਢੀ ਕਰਨਦੀਪ ਸਿੰਘ ਆਪਣੇ ਮਕਾਨ ਤੋਂ ਗਲੀ ਟੱਪ ਕੇ ਉਸ ਦੇ ਘਰ ਦੀ ਛੱਤ ’ਤੇ ਕਿਰਪਾਨ ਲੈ ਕੇ ਆ ਗਿਆ। ਫਿਰ ਉਹ ਉਸ ਦੇ ਪਿਤਾ ਦੇ ਕਮਰੇ ਵਿਚ ਗਿਆ ਜਿੱਥੇ ਉਸ ਨੇ ਕਿਰਪਾਨ ਨਾਲ ਕਈ ਵਾਰ ਕਰ ਕੇ ਉਸ ਦੇ ਪਿਤਾ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਉਸ ਨੇ ਦੱਸਿਆ ਕਿ ਉਹ ਪਿਤਾ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਐੱਸਪੀ ਸਰਾਂ ਨੇ ਦੱਸਿਆ ਕਿ ਕਤਲ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਸਬ-ਡਵੀਜ਼ਨ ਸ੍ਰੀ ਚਮਕੌਰ ਸਾਹਿਬ ਅਤੇ ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ ਦੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ। ਉਪਰੰਤ ਪੁਲਿਸ ਟੀਮ ਨੇ ਕਰਨਦੀਪ ਸਿੰਘ ਨੂੰ ਵਾਰਦਾਤ ਕੀਤੇ ਜਾਣ ਤੋਂ ਬਾਅਦ ਦੋ ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਕੇ ਕਤਲ ਲਈ ਵਰਤੀ ਕਿਰਪਾਨ ਬਰਾਮਦ ਕਰ ਲਈ।






