ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਕਰੀਬ ਅੱਧਾ ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਤਾਜਪੁਰ ਰੋਡ ‘ਤੇ ਪਿਓ ਪੁੱਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੀ। ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਪੀੜਤ ਪਿਓ-ਪੁੱਤਰ ਨਾਲ ਕੁੱਟ ਮਾਰ ਕਰਕੇ ਨਕਦੀ ਲੁੱਟੀ ਅਤੇ ਮੌਕੇ ਤੋਂ ਫਰਾਰ ਹੋ ਗਏ। ਉਕਤ ਵਾਰਦਾਤ ਦਾ ਸ਼ਿਕਾਰ ਹੋਏ ਗੋਬਿੰਦ ਨਗਰ ਤਾਜਪੁਰ ਰੋਡ ਵਾਸੀ ਚਲਾਈ ਰਾਏ ਦੇ ਬਿਆਨ ਉੱਪਰ ਥਾਣਾ ਜਮਾਲਪੁਰ ਪੁਲਿਸ ਨੇ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚਲਾਈ ਰਾਏ ਮੁਤਾਬਕ ਵਾਰਦਾਤ ਵਾਲੀ ਰਾਤ ਕਰੀਬ ਪੌਣੇ 11 ਵਜੇ ਉਹ ਆਪਣੇ ਲੜਕੇ ਗੌਰੀ ਸ਼ੰਕਰ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਤਾਜਪੁਰ ਰੋਡ ਜਾ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਕਰੀਬ ਅੱਧਾ ਦਰਜਨ ਬਦਮਾਸ਼ਾਂ ਨੇ ਉਹਨਾਂ ਨੂੰ ਸੜਕ ‘ਤੇ ਧੱਕੇ ਨਾਲ ਰੋਕ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਨਾਂ ਪਿਓ ਪੁੱਤਰਾਂ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਉਹਨਾਂ ਕੋਲੋਂ 15000 ਨਕਦੀ ਖੋਹੀ ਅਤੇ ਧਮਕਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਵਿੱਚ ਮੁਦਈ ਦਾ ਪੁੱਤਰ ਗੌਰੀ ਸ਼ੰਕਰ ਗੰਭੀਰ ਰੂਪ ਨਾਲ ਫੱਟੜ ਹੋ ਗਿਆ ਜਿਸ ਨੂੰ ਇਲਾਜ ਲਈ ਫੋਰਟੀਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ।






