ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇੜੇ ਸੜਕ ’ਤੇ ਖੜ੍ਹੇ ਟਰੱਕ ਨਾਲ ਗੱਡੀ ਦੀ ਟੱਕਰ ਹੋ ਜਾਣ ਕਾਰਨ ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ। ਆਰਸੀਐਫ ਦੇ ਰਹਿਣ ਵਾਲੇ ਪੰਜ ਨੌਜਵਾਨ ਹਰਿਆਣਾ ਦੇ ਕਰਨਾਲ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਜਦੋਂ ਐਤਵਾਰ ਸਵੇਰੇ ਕਰੀਬ 7 ਵਜੇ ਪੀਟੀਯੂ ਨੇੜੇ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਮਨਜਿੰਦਰ ਸਿੰਘ ਪੁਲਿਸ ਮੁਲਾਜ਼ਮ ਦੱਸਿਆ ਜਾਂਦਾ ਹੈ, ਜੋ ਮਰਦਾਨ ਜੇਲ੍ਹ ਵਿੱਚ ਡਿਊਟੀ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਸੁਭਾਸ਼, ਤਰਨਪ੍ਰੀਤ ਸਿੰਘ ਅਤੇ ਬਰਜਿੰਦਰ ਸਿੰਘ ਗੰਭੀਰ ਜ਼ਖ਼ਮੀ ਹਨ। ਤਰਨਪ੍ਰੀਤ ਸਿੰਘ ਮ੍ਰਿਤਕ ਮਨਜਿੰਦਰ ਸਿੰਘ ਦਾ ਕਰੀਬੀ ਭਰਾ ਦੱਸਿਆ ਜਾਂਦਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਹੈ ਜਦਕਿ ਤਿੰਨ ਜ਼ਖਮੀ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਇਸ ਘਟਨਾ ਕਾਰਨ ਪੂਰੇ ਆਰਸੀਐਫ ਵਿੱਚ ਸੋਗ ਦੀ ਲਹਿਰ ਹੈ।






