ਬ੍ਰਾਜ਼ੀਲ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਦਾ ਸਭ ਤੋਂ ਵੱਧ ਤਬਾਹੀ ਦੱਖਣੀ ਸੂਬੇ ਰੀਓ ਗ੍ਰਾਂਡੇ ਡੋ ਸੁਲ ‘ਚ ਦੇਖਣ ਨੂੰ ਮਿਲ ਰਹੀ ਹੈ। ਇੱਥੇ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸੜਕਾਂ ਬੁਰੀ ਤਰ੍ਹਾਂ ਨਾਲ ਰੁੜ੍ਹ ਗਈਆਂ ਹਨ। ਹੜ੍ਹਾਂ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ।
ਬ੍ਰਾਜ਼ੀਲ ‘ਚ ਇਸ ਹਫਤੇ ਹੋਈ ਬਾਰਿਸ਼ ਕਾਰਨ 57 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹਜ਼ਾਰਾਂ ਲੋਕ ਲਾਪਤਾ ਹਨ। ਬਚਾਅ ਟੀਮ ਬਚਾਅ ਕੰਮ ‘ਚ ਲੱਗੀ ਹੋਈ ਹੈ। ਸ਼ਨੀਵਾਰ ਨੂੰ ਸਿਵਲ ਪ੍ਰੋਟੈਕਸ਼ਨ ਦੁਆਰਾ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਵਿਨਾਸ਼ਕਾਰੀ ਹੜ੍ਹਾਂ ਨੇ 281 ਨਗਰਪਾਲਿਕਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਘੱਟੋ-ਘੱਟ 74 ਲੋਕ ਜ਼ਖਮੀ ਹੋਏ ਹਨ।
ਸਥਾਨਕ ਸਰਕਾਰ ਨੇ ਉਨ੍ਹਾਂ ਖੇਤਰਾਂ ਵਿੱਚ ਤਬਾਹੀ ਦੀ ਸਥਿਤੀ ਘੋਸ਼ਿਤ ਕੀਤੀ ਹੈ ਜਿੱਥੇ 67,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਤਕਰੀਬਨ 10,000 ਲੋਕ ਬੇਘਰ ਹੋ ਗਏ ਹਨ ਅਤੇ 4,500 ਤੋਂ ਵੱਧ ਅਸਥਾਈ ਪਨਾਹਗਾਹਾਂ ਵਿੱਚ ਹਨ।






