ਭਾਰਤੀ ਪੇਸ਼ੇਵਰਾਂ ’ਚ ਪਸੰਦੀਦਾ ਐੱਚ-1ਬੀ ਵੀਜ਼ਾ ’ਤੇ ਸਖ਼ਤੀ ਕਰਨ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੁਣ ਇਸ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਨਰਮ ਰੁਖ਼ ਸਾਹਮਣੇ ਆਇਆ ਹੈ। ਉਨ੍ਹਾਂ ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਮਰੀਕਾ ਨੂੰ ਦੁਨੀਆ ਭਰ ਤੋਂ ਟੇਲੈਂਟ ਨੂੰ ਲਿਆਉਣਾ ਹੋਵੇਗਾ ਕਿਉਂਕਿ ਸਾਡੇ ਦੇਸ਼ ’ਚ ਕੁਝ ਖ਼ਾਸ ਹੁਨਰ ਨਹੀਂ ਹੈ। ਟਰੰਪ ਨੇ ਫਾਕਸ ਨਿਊਜ਼ ’ਤੇ ਲੌਰਾ ਇੰਗ੍ਰਾਹਮ ਨੂੰ ਦਿੱਤੇ ਇਕ ਇੰਟਰਵਿਊ ’ਚ ਇਹ ਗੱਲ ਕਹੀ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆਕਿ ਕੀ ਐੱਚ-1ਬੀ ਵੀਜ਼ਾ ਦਾ ਮੁੱਦਾ ਉਨ੍ਹਾਂ ਦੇ ਪ੍ਰਸ਼ਾਸਨ ਦੇ ਲਈ ਵੱਡੀ ਪਹਿਲ ਨਹੀਂ ਹੋਵੇਗਾ, ਜੇ ਕੋਈ ਅਮਰੀਕੀ ਕਾਮਿਆਂ ਦੀ ਤਨਖ਼ਾਹ ਵਧਾਉਣੀ ਚਾਹੁੰਦਾ ਹੈ ਤਾਂ ਦੇਸ਼ ’ਚ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਆਉਣ ਨਹੀਂ ਦਿੱਤਾ ਜਾ ਸਕਦਾ। ਇਸ ’ਤੇ ਟਰੰਪ ਨੇ ਕਿਹਾ ਕਿ ਮੈਂ ਸਹਿਮਤ ਹਾਂ ਪਰ ਤੁਹਾਨੂੰ ਹੁਨਰ ਨੂੰ ਲਿਆਉਣਾ ਹੋਵੇਗਾ। ਜਦੋਂ ਇੰਗ੍ਰਾਹਮ ਨੇ ਕਿਹਾ ਕਿ ਸਾਡੇ ਕੋਲ ਬਹੁਤ ਹੁਨਰ ਹੈ। ਤਾਂ ਟਰੰਪ ਨੇ ਕਿਹਾ ਕਿ ਨਹੀਂ ਤੁਹਾਡੇ ਕੋਲ ਨਹੀਂ ਹੈ। ਤੁਹਾਡੇ ਕੋਲ ਕੁਝ ਖ਼ਾਸ ਹੁਨਰ ਨਹੀਂ ਹੈ। ਲੋਕਾਂ ਨੂੰ ਸਿੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਬੇਰੁਜ਼ਗਾਰੀ ਦੀ ਕਤਾਰ ਤੋਂ ਹਟਾ ਕੇ ਇਹ ਨਹੀਂ ਕਹਿ ਸਕਦੇ ਕਿ ਮੈਂ ਤੁਹਾਨੂੰ ਕਿਸੇ ਫੈਕਟਰੀ ’ਚ ਲਗਾ ਦੇਵਾਂਗਾ, ਅਸੀਂ ਮਿਜ਼ਾਈਲ ਬਣਾਵਾਂਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਾਰਜੀਆ ’ਚ ਉਨ੍ਹਾਂ ਨਾਜਾਇਜ਼ ਪਰਵਾਸੀਆਂ ਦੀ ਭਾਲ ਲਈ ਛਾਪੇ ਮਾਰੇ। ਉਥੇ ਦੱਖਣੀ ਕੋਰੀਆ ਦੇ ਲੋਕ ਸਨ, ਜਿਨ੍ਹਾਂ ਨੇ ਜ਼ਿੰਦਗੀ ਭਰ ਬੈਟਰੀਆਂ ਬਣਾਈਆਂ। ਤੁਸੀਂ ਜਾਣਦੇ ਹੋ, ਬੈਟਰੀ ਬਣਾਉਣਾ ਕਿੰਨਾ ਗੁੰਝਲਦਾਰ ਕੰਮ ਹੈ। ਇਹ ਕੋਈ ਆਸਾਨ ਕੰਮ ਨਹੀਂ ਹੈ। ਇਹ ਬਹੁਤ ਖ਼ਤਰਨਾਕ ਹੈ। ਬਹੁਤ ਸਾਰੇ ਧਮਾਕੇ ਤੇ ਬਹੁਤ ਸਮੱਸਿਆਵਾਂ ਹਨ। — ਇਕ ਲੱਖ ਡਾਲਰ ਕੀਤੀ ਹੈ ਫ਼ੀਸ ਟਰੰਪ ਨੇ ਬੀਤੇ ਸਤੰਬਰ ਮਹੀਨੇ ’ਚ ਐੱਚ-1ਬੀ ਵੀਜ਼ਾ ਪ੍ਰੋਗਰਾਮ ’ਤੇ ਸਖ਼ਤੀ ਲਈ ਇਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ। ਇਸਦੇ ਤਹਿਤ 21 ਸਤੰਬਰ ਤੋਂ ਬਾਅਦ ਐੱਚ-1ਬੀ ਵੀਜ਼ਾ ਲਈ ਦਾਖ਼ਲ ਕੀਤੀਆਂ ਗਈਆਂ ਵੀਜ਼ਾ ਅਰਜ਼ੀਆਂ ਨਾਲ ਪਾਤਰਤਾ ਦੀ ਸ਼ਰਤ ਦੇ ਤੌਰ ’ਤੇ ਫ਼ੀਸ ਵਜੋਂ ਇਕ ਲੱਖ ਡਾਲਰ (ਅੰਦਾਜ਼ਨ 88 ਲੱਖ ਰੁਪਏ) ਦਾ ਭੁਗਤਾਨ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੀ ਦੁਰਵਰਤੋਂ ਨੂੰ ਲੈ ਕੇ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ।






