ਮਥੁਰਾ ਵਿਚ ਯਮੁਨਾ ਐਕਸਪ੍ਰੈਸਵੇਅ ’ਤੇ ਸੰਘਣੀ ਧੁੰਦ ਵਿੱਚ ਕਈ ਵਾਹਨਾਂ ਦੇ ਟਕਰਾਉਣ ਕਾਰਨ 13 ਲੋਕਾਂ ਦੀ ਸੜਨ ਨਾਲ ਮੌਤ ਹੋ ਗਈ ਅਤੇ 43 ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਸੰਘਣੀ ਧੁੰਦ ਵਿੱਚ ਉਸ ਵੇਲੇ ਵਾਪਰਿਆ ਜਦੋਂ ਅੱਠ ਬੱਸਾਂ ਅਤੇ ਤਿੰਨ ਛੋਟੇ ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਵਿਚ ਟੱਕਰ ਹੋਣ ਤੋਂ ਬਾਅਦ ਵਾਹਨਾਂ ਵਿਚ ਅੱਗ ਲੱਗ ਗਈ ਜਿਸ ਵਿਚ ਭਾਜਪਾ ਆਗੂ ਸਣੇ 13 ਜਣਿਆਂ ਦੀ ਸੜਨ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀਆਂ ਦੀ ਗਿਣਤੀ 70 ਦੇ ਕਰੀਬ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮਰਨ ਵਾਲਿਆਂ ਦੀ ਪਛਾਣ ਨਾ ਹੋ ਸਕੀ ਤੇ ਜਾਂਚ ਟੀਮਾਂ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਲੈ ਗਈਆਂ ਹਨ ਤੇ ਡੀਐਨਏ ਜ਼ਰੀਏ ਇਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਇਹ ਘਟਨਾ ਬਲਦੇਵ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ।
ਮਥੁਰਾ ਦੇ ਸੀਨੀਅਰ ਪੁਲੀਸ ਸੁਪਰਡੈਂਟ ਸ਼ਲੋਕ ਕੁਮਾਰ ਬਲਦੇਵ ਪੁਲੀਸ ਸਟੇਸ਼ਨ ਦੀ ਐਸਐਚਓ ਰੰਜਨਾ ਸਚਾਨ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪ੍ਰਯਾਗਰਾਜ ਦੇ ਰਹਿਣ ਵਾਲੇ 44 ਸਾਲਾ ਅਖਿਲੇਂਦਰ ਪ੍ਰਤਾਪ ਯਾਦਵ ਅਤੇ ਮਹਾਰਾਜਗੰਜ ਜ਼ਿਲ੍ਹੇ ਦੇ ਰਹਿਣ ਵਾਲੇ 75 ਸਾਲਾ ਰਾਮਪਾਲ ਵਜੋਂ ਹੋਈ ਹੈ। ਤੀਜੇ ਵਿਅਕਤੀ ਦੀ ਪਛਾਣ ਬਾਅਦ ਵਿੱਚ ਵਰਿੰਦਾਵਨ ਦੇ ਇੱਕ ਮੁੱਖ ਮੈਡੀਕਲ ਅਫ਼ਸਰ ਵਲੋਂ ਕੀਤੀ ਗਈ ਜੋ 62 ਸਾਲਾ ਸੁਲਤਾਨ ਅਹਿਮਦ ਸੀ, ਜੋ ਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸਚਾਨ ਨੇ ਕਿਹਾ ਕਿ ਸਾਰੇ 13 ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ।
ਘਟਨਾ ਸਥਾਨ ਤੋਂ ਸੜੀਆਂ ਹੋਈਆਂ ਬੱਸਾਂ ਅਤੇ ਕਾਰਾਂ ਮਿਲੀਆਂ ਜੋ ਖਸਤਾ ਹਾਲਤ ਵਿੱਚ ਬਦਲ ਗਈਆਂ ਸਨ। ਉਨ੍ਹਾਂ ਨੂੰ ਸੜਕ ਤੋਂ ਹਟਾਉਣ ਲਈ ਕਰੇਨਾਂ ਸੱਦੀਆਂ ਗਈਆਂ।
ਕਾਬਿਲੇਗੌਰ ਹੈ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਸਵੇਰੇ ਸੰਘਣੀ ਧੁੰਦ ਪਈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਅਤੇ ਦਿਸਣ ਹੱਦ ਤੇਜ਼ੀ ਨਾਲ ਘਟ ਗਈ। ਆਗਰਾ ਸ਼ਹਿਰ ਸੰਘਣੀ ਧੁੰਦ ਵਿੱਚ ਘਿਰਿਆ ਹੋਇਆ ਸੀ, ਜਿਸ ਕਾਰਨ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਤਾਜ ਮਹਿਲ ਲੋਕਾਂ ਲਈ ਪੂਰੀ ਤਰ੍ਹਾਂ ਅਦਿੱਖ ਹੋ ਗਿਆ। ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਧੁੰਦ ਇੰਨੀ ਸੰਘਣੀ ਸੀ ਕਿ ਸੜਕਾਂ ’ਤੇ ਵਾਹਨਾਂ ਨੂੰ ਵੀ ਦੇਖਣਾ ਮੁਸ਼ਕਲ ਸੀ।
ਐਸਐਸਪੀ ਸ਼ਲੋਕ ਕੁਮਾਰ ਨੇ ਹਾਦਸੇ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, ‘‘ਮੰਗਲਵਾਰ ਸਵੇਰੇ ਮਥੁਰਾ ਵਿੱਚ ਯਮੁਨਾ ਐਕਸਪ੍ਰੈਸਵੇਅ ’ਤੇ ਇੱਕ ਵੱਡੇ ਸੜਕ ਹਾਦਸੇ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਇਹ ਟੱਕਰ, ਜਿਸ ਵਿੱਚ ਸੱਤ ਬੱਸਾਂ ਅਤੇ ਤਿੰਨ ਕਾਰਾਂ ਸ਼ਾਮਲ ਸਨ, ਸੰਘਣੀ ਧੁੰਦ ਕਾਰਨ ਹੋਈ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਸਰਵਿਸ, ਸਥਾਨਕ ਪੁਲੀਸ ਅਤੇ ਸਥਾਨਕ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪੁੱਜ ਗਈਆਂ। ਜਾਣਕਾਰੀ ਮੁਤਾਬਕ 25 ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ। ਮੌਕੇ ’ਤੇ ਮੌਜੂਦ ਬਾਕੀ ਲੋਕਾਂ ਨੂੰ ਸਰਕਾਰੀ ਵਾਹਨਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ।







