ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਇੱਥੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਇੱਕ ਬਿਰਧ ਕਿਸਾਨ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਇੱਥੇ ਵਿਸ਼ੇਸ਼ ਐੱਮਪੀ-ਐੱਮਐੱਲਏ ਕੋਰਟ ਵਿੱਚ ਵਰਚੁਅਲੀ ਪੇਸ਼ ਹੋਈ। ਸੁਣਵਾਈ ਦੌਰਾਨ ਕੰਗਨਾ ਦੇ ਵਕੀਲ ਨੇ ਅਦਾਕਾਰਾ ਦਾ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਮੰਗ ਵਾਲੀ ਅਰਜ਼ੀ ਦਾ ਵਿਰੋਧ ਕੀਤਾ। ਵਕੀਲ ਨੇ ਕੋਰਟ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਨਿਰਦੇਸ਼ ਦਿੱਤੇ ਜਾਣਗੇ ਅਦਾਕਾਰਾ ਨਿੱਜੀ ਤੌਰ ’ਤੇ ਪੇਸ਼ ਹੋਵੇਗੀ।
ਸ਼ਿਕਾਇਤਕਰਤਾ ਦੇ ਵਕੀਲ ਨੇ ਹਾਲਾਂਕਿ ਇਸ ਦਲੀਲ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਬਚਾਅ ਪੱਖ ਨੇ ਗਲਤ ਤੱਥ ਰਿਕਾਰਡ ’ਤੇ ਰੱਖੇ ਹਨ। ਸ਼ਿਕਾਇਤਕਰਤਾ ਵੱਲੋਂ ਪੇਸ਼ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਬਚਾਅ ਪੱਖ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਕੰਗਨਾ ਕਿਸੇ ਹੋਰ ਸਿਵਲ ਜਾਂ ਅਪਰਾਧਿਕ ਕਾਰਵਾਈ ਦਾ ਸਾਹਮਣਾ ਨਹੀਂ ਕਰ ਰਹੀ ਹੈ। ਇਹ ਦਾਅਵਾ ਤੱਥਾਂ ਅਨੁਸਾਰ ਗਲਤ ਹੈ। ਵਕੀਲ ਨੇ ਕਿਹਾ, ‘‘ਸਾਡੀ ਜਾਣਕਾਰੀ ਅਨੁਸਾਰ, ਉਸ ਵਿਰੁੱਧ ਕੁਝ ਸਿਵਲ ਅਤੇ ਅਪਰਾਧਿਕ ਮਾਮਲੇ ਬਕਾਇਆ ਹਨ। ਅਸੀਂ 10 ਫਰਵਰੀ ਨੂੰ ਹੋਣ ਵਾਲੀ ਸੁਣਵਾਈ ਦੀ ਅਗਲੀ ਤਰੀਕ ਨੂੰ ਸਹਾਇਕ ਰਿਕਾਰਡਾਂ ਦੇ ਨਾਲ ਇੱਕ ਵਿਸਤਰਿਤ ਜਵਾਬ ਦਾਇਰ ਕਰਾਂਗੇ।’’
ਬਹਿਣੀਵਾਲ ਨੇ ਦੱਸਿਆ ਕਿ ਦੋ ਹੋਰ ਸਰਕਾਰੀ ਗਵਾਹਾਂ – ਸੁਰਜੀਤ ਸਿੰਘ ਅਤੇ ਜਸਵੀਰ ਸਿੰਘ, ਦੋਵੇਂ ਕਿਸਾਨ ਆਗੂ, ਨੇ ਅੱਜ ਅਦਾਲਤ ਦੇ ਸਾਹਮਣੇ ਆਪਣੇ ਜ਼ੁਬਾਨੀ ਬਿਆਨ ਦਰਜ ਕਰਵਾਏ। ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨੂੰ ਅਗਲੀ ਸੁਣਵਾਈ ਮੌਕੇ ਸਾਰੇ ਚਾਰ ਗਵਾਹਾਂ ਤੋਂ ਜਿਰ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸੁਰੱਖਿਆ ਚਿੰਤਾਵਾਂ ਅਤੇ ਅਦਾਕਾਰਾ ਦੀ ਕੋਰਟ ’ਚ ਪੇਸ਼ੀ ਮੌਕੇ ਲੋੜੀਂਦੇ ਵਿਆਪਕ ਪੁਲੀਸ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਕੰਗਨਾ ਨੂੰ ਨਿੱਜੀ ਪੇਸ਼ੀ ਦੀ ਥਾਂ ਭਵਿੱਖ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਰਣੌਤ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਉਹ ਇੱਕ ਹਲਫ਼ਨਾਮਾ ਦਾਇਰ ਕਰੇ ਕਿ ਉਹ ਕੇਸ ਵਿੱਚ ਦੇਰੀ ਨਹੀਂ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਉਸ ਦਾ ਵਕੀਲ ਸਾਰੀਆਂ ਸੁਣਵਾਈਆਂ ਦੌਰਾਨ ਮੌਜੂਦ ਰਹੇ। ਕੋਰਟ ਨੇ ਹਾਲਾਂਕਿ ਸਾਫ਼ ਕਰ ਦਿੱਤਾ ਸੀ ਕਿ ਕੰਗਨਾ ਨੂੰ ਸੀਆਰਪੀਸੀ ਦੀ ਧਾਰਾ 313 ਤਹਿਤ ਆਪਣਾ ਬਿਆਨ ਦਰਜ ਕਰਵਾਉਣ ਸਮੇਂ ਜਾਂ ਜਦੋਂ ਵੀ ਵਿਸ਼ੇਸ਼ ਤੌਰ ’ਤੇ ਹੁਕਮ ਦਿੱਤਾ ਜਾਵੇ, ਨਿੱਜੀ ਤੌਰ ’ਤੇ ਪੇਸ਼ ਹੋਣਾ ਪਵੇਗਾ।







