ਸਾਲ ਪੁਰਾਣੇ ਫਿਰੌਤੀ ਦੇ ਕੇਸ ਵਿੱਚ ਮੁਕਤਸਰ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੀਰਜ ਕੁਮਾਰ ਸਿੰਗਲਾ ਦੀ ਅਦਾਲਤ ਨੇ 30 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਮੁਕਤਸਰ ਲਾਗਲੇ ਪਿੰਡ ਉਦੇਕਰਨ ਦੇ ਸਰਕਾਰੀ ਅਧਿਆਪਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਮੁਕਤਸਰ ਪੁਲੀਸ ਨੇ 3 ਦਸੰਬਰ 2024 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। ਇਸੇ ਕੇਸ ਵਿੱਚ ਪੁਲੀਸ ਨੇ ਹੁਣ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ (ਸਾਬਕਾ ਏ ਐਸ ਆਈ) ਤੇ ਉਸ ਦੀ ਮਾਤਾ ਪ੍ਰੀਤਪਾਲ ਕੌਰ ਨੂੰ ਲੰਘੇ ਦਿਨੀਂ ਕੇਸ ’ਚ ਨਾਮਜ਼ਦ ਕਰਕੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ।
ਪੁਲੀਸ ਨੇ ਦੋਵਾਂ ਨੂੰ 26 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਅਦਾਲਤ ਨੇ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਸੀ ਅਤੇ ਅੱਜ ਮੰਗਲਵਾਰ ਨੂੰ ਦੁਬਾਰਾ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ 30 ਜਨਵਰੀ ਤੱਕ ਦਾ ਪੁਲੀਸ ਰਿਮਾਂਡ ਦੇ ਦਿੱਤਾ।







