ਨਾਭਾ ਵਿਚ ਹੌਲਦਾਰ ਕਤਲ ਕੇਸ ਦੇ ਸਾਰੇ ਸੱਤ ਮੁਲਜ਼ਮ ਪੁਲੀਸ ਦੇ ਹੱਥ ਆ ਚੁੱਕੇ ਹਨ। ਅਧਿਕਾਰੀਆਂ ਮੁਤਾਬਕ ਖਾਣ ਪੀਣ ਦੇ ਸਾਮਾਨ ਦੀ ਅਦਾਇਗੀ ਨੂੰ ਲੈ ਕੇ ਹੋਏ ਝਗੜੇ ਵਿੱਚ ਹੌਲਦਾਰ ਅਮਨਦੀਪ ਸਿੰਘ ਦੀ ਮੌਤ ਹੋ ਗਈ ਸੀ ਜਦੋਂਕਿ ਉਸ ਦਾ ਭਰਾ ਨਵਦੀਪ ਸਿੰਘ ਜ਼ਖ਼ਮੀ ਹੋ ਗਿਆ ਸੀ। ਪੁਲੀਸ ਮੁਤਾਬਕ ਮੈਹਸ ਗੇਟ ਬਾਜ਼ਾਰ ਵਿੱਚ ਹੌਲਦਾਰ ਅਮਨਦੀਪ ਅਤੇ ਉਸ ਦੇ ਭਰਾ ਵੱਲੋਂ ਇੱਕ ਦੁਕਾਨ ‘ਤੇ ਬਰਗਰ ਅਤੇ ਸੈਂਡਵਿਚ ਖਾਣ ਮੌਕੇ ਉਥੇ ਖੜ੍ਹੇ ਇਕ ਹੋਰ ਗਾਹਕ ਨਾਲ ਕਿਸੇ ਗੱਲੋਂ ਤਕਰਾਰ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਦੂਜੇ ਗਾਹਕ ਨੇ ਆਪਣੇ ਸਾਥੀ ਬੁਲਾ ਲਏ, ਜਿਨ੍ਹਾਂ ਨੇ ਅਮਨਦੀਪ ਦੇ ਪੇਟ ‘ਚ ਕਥਿਤ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਮੌਕੇ ਅਮਨਦੀਪ ਪੁਲੀਸ ਵਰਦੀ ਵਿੱਚ ਨਹੀਂ ਸੀ। ਇਸ ਲੜਾਈ ਦੌਰਾਨ ਨਵਦੀਪ ਦੇ ਵੀ ਸਿਰ ‘ਤੇ ਸੱਟ ਵੱਜੀ ਤੇ ਉਹ ਇਲਾਜ ਅਧੀਨ ਹੈ। ਪੁਲੀਸ ਨੇ ਦੱਸਿਆ ਕਿ ਦੁਕਾਨਦਾਰ ਅਤੇ ਮ੍ਰਿਤਕਾਂ ਵਿਚਾਲੇ ਕੋਈ ਦੁਸ਼ਮਣੀ ਨਹੀਂ ਸੀ।
ਵਾਰਦਾਤ ਤੋਂ ਕੁਝ ਹੀ ਘੰਟਿਆਂ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਦੱਸਿਆ ਕਿ ਕੁਝ ਮੁਲਜ਼ਮ ਹੋਰ ਸੂਬਿਆਂ ਵਿੱਚ ਜਾ ਵੜੇ ਸਨ ਤੇ ਤੁਰੰਤ ਟੀਮਾਂ ਬਣਾ ਕੇ ਉਨ੍ਹਾਂ ਨੂੰ ਵੱਖ ਵੱਖ ਸੂਬਿਆਂ ਵਿੱਚੋ ਲਿਆਂਦਾ ਜਾ ਰਿਹਾ ਹੈ। ਅਜੇ ਮੁਲਜ਼ਮਾਂ ਦੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਬੌੜਾਂ ਗੇਟ ਨਜ਼ਦੀਕ ਇੱਕ ਬਸਤੀ ਦੇ ਵਸਨੀਕ ਹਨ ਤੇ ਇੱਕ ਘੁਮਿਆਰਾ ਵਾਲੇ ਮੁਹੱਲੇ ਦਾ ਵਸਨੀਕ ਹੈ। ਮੁਲਜ਼ਮਾਂ ਵਿੱਚੋ ਇੱਕ ਨਾਬਾਲਗ ਵੀ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।







