ਅਦਾਲਤ ਨੇ ਹੋਮਵਰਕ ਪੂਰਾ ਨਾ ਕਰਨ ‘ਤੇ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਥੱਪੜ ਮਾਰਨ ਵਾਲੀ ਸਕੂਲ ਅਧਿਆਪਕਾ ਨੂੰ ਤਿੰਨ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਧਿਆਪਕਾ ਦੇ ਇਸ ਕਦਮ ਨਾਲ ਬੱਚੀ ਦੇ ਖੱਬੇ ਕੰਨ ਦਾ ਪਰਦਾ ਫਟ ਗਿਆ ਸੀ ਅਤੇ ਉਸ ਦੀ ਸੁਣਨ ਦੀ ਸ਼ਕਤੀ ਘੱਟ ਗਈ ਸੀ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਹਿਮਾਂਸ਼ੂ ਚੌਧਰੀ ਨੇ 30 ਜਨਵਰੀ ਨੂੰ ਸੁਣਾਏ ਫੈਸਲੇ ਵਿੱਚ ਕਿਹਾ ਕਿ ਇਹ ਅਪਰਾਧ ਇੱਕ ਅਧਿਆਪਕਾ ਵੱਲੋਂ ਅਧਿਕਾਰਾਂ ਦੀ ਦੁਰਵਰਤੋਂ ਦਾ ਮਾਮਲਾ ਹੈ, ਜਿਸ ਨਾਲ 14 ਸਾਲਾ ਬੱਚੀ ਨੂੰ ਗੰਭੀਰ ਸੱਟ ਲੱਗੀ ਅਤੇ ਲੰਬੇ ਸਮੇਂ ਲਈ ਡਾਕਟਰੀ ਸਮੱਸਿਆਵਾਂ ਪੈਦਾ ਹੋਈਆਂ।
ਅਦਾਲਤ ਨੇ ਧਿਆਨ ਦਿੱਤਾ ਕਿ ਘਟਨਾ ਦੇ ਸਾਢੇ ਚਾਰ ਸਾਲ ਬਾਅਦ ਵੀ ਪੀੜਤ ਬੱਚੀ ਦਾ ਇਲਾਜ ਚੱਲ ਰਿਹਾ ਹੈ। ਅਦਾਲਤ ਨੇ ਅਧਿਆਪਕਾ ਪਾਰੁਲਬੇਨ ਪਟੇਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 325 ਅਤੇ ਜੁਵਿਨਾਈਲ ਜਸਟਿਸ ਐਕਟ ਦੀ ਧਾਰਾ 75 ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜੋ ਪੀੜਤ ਬੱਚੀ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।
ਇਹ ਘਟਨਾ 1 ਜਨਵਰੀ 2020 ਨੂੰ ਗਾਂਧੀਨਗਰ ਦੇ ਇੱਕ ਨਿੱਜੀ ਸਕੂਲ ਵਿੱਚ ਵਾਪਰੀ ਸੀ। ਜਾਣਕਾਰੀ ਅਨੁਸਾਰ ਅਧਿਆਪਕਾ ਨੇ ਹੋਮਵਰਕ ਨਾ ਕਰਨ ’ਤੇ ਗੁੱਸੇ ਵਿੱਚ ਆ ਕੇ ਵਿਦਿਆਰਥਣ ਦੇ ਖੱਬੇ ਕੰਨ ‘ਤੇ ਤਿੰਨ ਥੱਪੜ ਮਾਰੇ ਸਨ। ਅਧਿਆਪਕਾ ਨੇ ਆਪਣੇ ਬਚਾਅ ਵਿੱਚ ਦਾਅਵਾ ਕੀਤਾ ਸੀ ਕਿ ਬੱਚੀ ਹੋਮਵਰਕ ਨਹੀਂ ਕਰਦੀ ਸੀ ਅਤੇ ਮਾਪਿਆਂ ਨੇ ਝੂਠਾ ਕੇਸ ਦਰਜ ਕਰਵਾਇਆ ਹੈ, ਪਰ ਅਦਾਲਤ ਨੇ ਡਾਕਟਰੀ ਗਵਾਹਾਂ ਅਤੇ ਸਬੂਤਾਂ ਦੇ ਅਧਾਰ ‘ਤੇ ਅਧਿਆਪਕਾ ਨੂੰ ਦੋਸ਼ੀ ਮੰਨਿਆ। ਅਧਿਆਪਕਾ ਦੇ ਵਕੀਲ ਨੇ ਕੈਂਸਰ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਸਜ਼ਾ ਵਿੱਚ ਨਰਮੀ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਅਜਿਹੇ ਗੰਭੀਰ ਅਪਰਾਧ ਵਿੱਚ ਨਰਮੀ ਵਰਤਣਾ ਬੱਚਿਆਂ ਦੀ ਸੁਰੱਖਿਆ ਦੇ ਉਦੇਸ਼ ਨੂੰ ਨਜ਼ਰਅੰਦਾਜ਼ ਕਰਨ ਵਰਗਾ ਹੋਵੇਗਾ ਅਤੇ ਕੈਂਸਰ ਸਬੰਧੀ ਕੋਈ ਦਸਤਾਵੇਜ਼ੀ ਸਬੂਤ ਵੀ ਪੇਸ਼ ਨਹੀਂ ਕੀਤੇ ਗਏ।







