Parliamentary Friendship Groups: ਦੁਨੀਆ ਦੇ 60 ਪ੍ਰਮੁੱਖ ਮੁਲਕਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਪੀਡਾ ਕਰਨ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ 60 ‘ਸੰਸਦੀ ਦੋਸਤੀ ਗਰੁੱਪਾਂ’ (Parliamentary Friendship Groups) ਦਾ ਗਠਨ ਕੀਤਾ ਹੈ। ਹਰੇਕ ਗਰੁੱਪ ਦੀ ਅਗਵਾਈ ਇੱਕ ਸੀਨੀਅਰ ਸੰਸਦ ਮੈਂਬਰ ਨੂੰ ਸੌਂਪੀ ਗਈ ਹੈ।
ਲੋਕ ਸਭਾ ਸਕੱਤਰੇਤ ਅਨੁਸਾਰ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਣਾਏ ਗਏ ਇਹ ਗਰੁੱਪ ਵਿਸ਼ਵ ਮੰਚ ’ਤੇ ਭਾਰਤੀ ਲੋਕਤੰਤਰ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਨਗੇ।
ਇਨ੍ਹਾਂ ਗਰੁੱਪਾਂ ਦੀ ਕਮਾਨ ਸੰਭਾਲਣ ਵਾਲੇ ਸੀਨੀਅਰ ਆਗੂਆਂ ਵਿੱਚ ਰਵੀ ਸ਼ੰਕਰ ਪ੍ਰਸਾਦ, ਐੱਮ. ਥੰਬੀਦੁਰਈ, ਪੀ. ਚਿਦੰਬਰਮ, ਰਾਮ ਗੋਪਾਲ ਯਾਦਵ, ਟੀ ਆਰ ਬਾਲੂ, ਕਾਕੋਲੀ ਘੋਸ਼ ਦਸਤੀਦਾਰ, ਗੌਰਵ ਗੋਗੋਈ, ਕਨੀਮੋੜੀ ਕਰੁਣਾਨਿਧੀ, ਮਨੀਸ਼ ਤਿਵਾੜੀ, ਡੈਰੇਕ ਓਬ੍ਰਾਇਨ, ਅਭਿਸ਼ੇਕ ਬੈਨਰਜੀ, ਅਸਦੁਦੀਨ ਓਵਾਇਸੀ, ਅਖਿਲੇਸ਼ ਯਾਦਵ, ਕੇ ਸੀ ਵੇਣੂਗੋਪਾਲ, ਰਾਜੀਵ ਪ੍ਰਤਾਪ ਰੂਡੀ, ਸੁਪ੍ਰਿਆ ਸੂਲੇ, ਸੰਜੇ ਸਿੰਘ, ਬੈਜਯੰਤ ਪਾਂਡਾ, ਸ਼ਸ਼ੀ ਥਰੂਰ, ਨਿਸ਼ੀਕਾਂਤ ਦੂਬੇ, ਅਨੁਰਾਗ ਸਿੰਘ ਠਾਕੁਰ, ਹੇਮਾ ਮਾਲਿਨੀ, ਬਿਪਲਬ ਕੁਮਾਰ ਦੇਵ ਅਤੇ ਡਾ. ਸੁਧਾਂਸ਼ੂ ਤ੍ਰਿਵੇਦੀ ਸਮੇਤ ਕਈ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਹਨ।
ਲੋਕ ਸਭਾ ਸਕੱਤਰੇਤ ਨੇ ਇਨ੍ਹਾਂ ਗਰੁੱਪਾਂ ਦੇ ਗਠਨ ਨੂੰ ਵਿਸ਼ਵ ਪੱਧਰ ’ਤੇ ਭਾਰਤ ਦੇ ਅੰਤਰ-ਸੰਸਦੀ ਸੰਪਰਕ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਇਹ ਕਦਮ ਭਾਰਤੀ ਸੰਸਦ ਵੱਲੋਂ ਵੱਖ-ਵੱਖ ਮਹਾਂਦੀਪਾਂ ਦੀਆਂ ਵਿਧਾਨ ਸਭਾਵਾਂ ਨਾਲ ਸੰਵਾਦ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਡੂੰਘਾ ਕਰਨ ਦੀ ਇੱਕ ਸੁਚੇਤ ਕੋਸ਼ਿਸ਼ ਹੈ। ਇਹ ਰਵਾਇਤੀ ਕੂਟਨੀਤੀ ਦੇ ਨਾਲ-ਨਾਲ ਸੰਸਦੀ ਪੱਧਰ ’ਤੇ ਲਗਾਤਾਰ ਤਾਲਮੇਲ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।”
ਜਿਨ੍ਹਾਂ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਇਹ ਸੰਸਦੀ ਦੋਸਤੀ ਗਰੁੱਪ ਬਣਾਏ ਗਏ ਹਨ, ਉਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਸ੍ਰੀਲੰਕਾ, ਜਰਮਨੀ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਦੱਖਣੀ ਅਫ਼ਰੀਕਾ, ਭੂਟਾਨ, ਸਾਊਦੀ ਅਰਬ, ਇਜ਼ਰਾਈਲ, ਮਾਲਦੀਵ, ਅਮਰੀਕਾ, ਰੂਸ, ਯੂਰਪੀਅਨ ਯੂਨੀਅਨ ਪਾਰਲੀਮੈਂਟ, ਦੱਖਣੀ ਕੋਰੀਆ, ਨੇਪਾਲ, ਬਰਤਾਨੀਆ, ਫਰਾਂਸ, ਜਾਪਾਨ, ਇਟਲੀ, ਓਮਾਨ, ਆਸਟਰੇਲੀਆ, ਯੂਨਾਨ, ਸਿੰਗਾਪੁਰ, ਬ੍ਰਾਜ਼ੀਲ, ਵੀਅਤਨਾਮ, ਮੈਕਸੀਕੋ, ਇਰਾਨ ਅਤੇ ਯੂਏਈ ਸ਼ਾਮਲ ਹਨ।







