West Asia Conflict: ਅਮਰੀਕੀ ਫੌਜ ਨੇ ਮੰਗਲਵਾਰ ਨੂੰ ਖਾੜੀ ਖੇਤਰ ਵਿੱਚ ਇਰਾਨ ਦੀਆਂ ਕਈ ਸਮੁੰਦਰੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਇਰਾਨ ਨੇ ਖੇਤਰ ਦੇ ਤੇਲ ਦੀ ਬਰਾਮਦਗੀ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਅਮਰੀਕਾ ਨੇ ਇਰਾਨ ਦੀਆਂ ਉਨ੍ਹਾਂ 16 ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ ਹੈ ਜੋ ਸਮੁੰਦਰ ਵਿੱਚ ਬਾਰੂਦੀ ਸੁਰੰਗਾਂ (mines) ਵਿਛਾਉਣ ਦਾ ਕੰਮ ਕਰ ਰਹੀਆਂ ਸਨ। ਹਾਲਾਂਕਿ, ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਫਿਲਹਾਲ ‘ਸਟਰੇਟ ਆਫ ਹਾਰਮੁਜ਼’ ਵਿੱਚ ਕਿਸੇ ਵੀ ਬਾਰੂਦੀ ਸੁਰੰਗ ਦੇ ਫਟਣ ਜਾਂ ਲੱਗੇ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਅਮਰੀਕਾ ਕਿਸੇ ਵੀ ਖਤਰੇ ਨੂੰ ਰੋਕਣ ਲਈ ਪਹਿਲਾਂ ਹੀ ਕਾਰਵਾਈ ਕਰ ਰਿਹਾ ਹੈ।
ਜੰਗ ਦੇ 11ਵੇਂ ਦਿਨ ਦੋਵਾਂ ਦੇਸ਼ਾਂ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਸਮੁੰਦਰੀ ਰਸਤੇ ਵਿੱਚ ਕੋਈ ਵੀ ਰੁਕਾਵਟ ਪਾਈ, ਤਾਂ ਉਸ ’ਤੇ ਅਜਿਹਾ ਹਮਲਾ ਕੀਤਾ ਜਾਵੇਗਾ ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭਿਆਨਕ ਹਮਲੇ ਕਰਨ ਦਾ ਭਰੋਸਾ ਦਿੱਤਾ ਹੈ। ਇਸ ਟਕਰਾਅ ਕਾਰਨ ਅਮਰੀਕੀ ਫੌਜੀਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ਕਾਰਨ ਪੈਂਟਾਗਨ ਨੇ ਸਥਿਤੀ ਨੂੰ ਬੇਹੱਦ ਗੰਭੀਰ ਦੱਸਿਆ ਹੈ।






