“ਰਵਾਨਾ ਹੋਣ ਤੋਂ ਪਹਿਲਾਂ ਤੁਹਾਡੇ ਸਭ ਨੂੰ ਇੱਕ ਵਾਰ ਮਿਲਣ ਦੀ ਦਿਲੀ ਇੱਛਾ ਹੈ,” ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲਾ ਦੇ ਅਧਿਆਪਕ ਸੋਹਣ ਲਾਲ ਦਾ ਇਹ ਇੱਕ ਸੁਨੇਹਾ ਪੂਰੇ ਪਿੰਡ ਨੂੰ ਭਾਵੁਕ ਕਰਨ ਲਈ ਕਾਫ਼ੀ ਸੀ। ਮੰਡਾਲਾ ਦੇ ਵਿਦਿਆਰਥੀਆਂ, ਮਾਪਿਆਂ ਅਤੇ ਪਿੰਡ ਵਾਸੀਆਂ ਲਈ ਇਹ ਸਿਰਫ਼ ਵਿਦਾਈ ਦਾ ਸੁਨੇਹਾ ਨਹੀਂ ਸੀ, ਸਗੋਂ ਇਹ ਉਸ ਅਧਿਆਪਕ ਦੇ ਵਿਛੋੜੇ ਦਾ ਅਹਿਸਾਸ ਸੀ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਸੀ। ਸੁਨੇਹਾ ਮਿਲਦੇ ਹੀ ਸੋਹਣ ਲਾਲ ਦੇ ਫੋਨ ’ਤੇ ਕਾਲਾਂ ਅਤੇ ਸੁਨੇਹਿਆਂ ਦਾ ਹੜ੍ਹ ਆ ਗਿਆ, ਕਈ ਲੋਕ ਉਨ੍ਹਾਂ ਦੇ ਘਰ ਮਿਲਣ ਪਹੁੰਚ ਗਏ। ਮਾਸੂਮ ਬੱਚੇ ਰੋ-ਰੋ ਕੇ ਉਨ੍ਹਾਂ ਨੂੰ ਨਾ ਜਾਣ ਦੀਆਂ ਅਰਜ਼ੋਈਆਂ ਕਰ ਰਹੇ ਸਨ ਅਤੇ ਮਾਪੇ ਵੀ ਆਪਣੇ ਹੰਝੂ ਰੋਕਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ।
ਮੰਡਾਲਾ ਸਿਰਫ਼ ਡਿਊਟੀ ਦੀ ਜਗ੍ਹਾ ਨਹੀਂ, ਸਗੋਂ ਆਪਣਾ ਘਰ ਬਣ ਗਿਆ: ਮਾਸਟਰ
ਚਾਰ ਸਾਲ ਤੋਂ ਵੱਧ ਸਮਾਂ ਸ਼੍ਰੇਣੀਆਂ, ਗੱਲਾਂਬਾਤਾਂ, ਖ਼ੁਸ਼ੀਆਂ ਅਤੇ ਔਖੇ ਦਿਨ ਸਾਂਝੇ ਕਰਨ ਤੋਂ ਬਾਅਦ ਆਪਣੇ ਅਧਿਆਪਕ ਨੂੰ ਅਲਵਿਦਾ ਕਹਿਣਾ ਆਸਾਨ ਨਹੀਂ ਸੀ।ਸੋਹਣ ਲਾਲ ਦੀ ਬਦਲੀ ਹੁਣ ਫ਼ਤਿਹਗੜ੍ਹ ਸਾਹਿਬ ਹੋ ਗਈ ਹੈ, ਪਰ ਮੰਡਾਲਾ ਪਿੰਡ ਵਿੱਚ ਉਨ੍ਹਾਂ ਦੀ ਰਵਾਨਗੀ ਨਾਲ ਇੱਕ ਵੱਡਾ ਖਾਲੀਪਣ ਪੈਦਾ ਹੋ ਗਿਆ ਹੈ। ਸਾਲ 2022 ਵਿੱਚ ਜਦੋਂ ਸੋਹਣ ਲਾਲ ਆਪਣੀ ਪਤਨੀ ਅਤੇ ਬੱਚੇ ਨਾਲ ਚੰਡੀਗੜ੍ਹ ਤੋਂ ਆ ਕੇ ਇਸ ਪਿੰਡ ਦੇ ਸਕੂਲ ਵਿੱਚ ਤਾਇਨਾਤ ਹੋਏ ਸਨ, ਤਾਂ ਪਿੰਡ ਦੇ ਮਾਹੌਲ ਵਿੱਚ ਢਲਣਾ ਆਸਾਨ ਨਹੀਂ ਸੀ। ਪਰ ਹੌਲੀ-ਹੌਲੀ ਮੰਡਾਲਾ ਉਨ੍ਹਾਂ ਲਈ ਸਿਰਫ਼ ਡਿਊਟੀ ਦੀ ਜਗ੍ਹਾ ਨਹੀਂ, ਸਗੋਂ ਆਪਣਾ ਘਰ ਬਣ ਗਿਆ।
ਉਨ੍ਹਾਂ ਨੇ ਪਿੰਡ ਵਾਸੀਆਂ ਦਾ ਭਰੋਸਾ ਜਿੱਤਿਆ, ਬੱਚਿਆਂ ਨਾਲ ਗੂੜ੍ਹਾ ਸਨੇਹ ਪਾਇਆ ਅਤੇ ਸਕੂਲ ਦੇ ਵਿਕਾਸ ਵਿੱਚ ਪੂਰੀ ਰੂਹ ਨਾਲ ਜੁੱਟ ਗਏ। ਉਨ੍ਹਾਂ ਦੀ ਮਿਹਨਤ ਨਾਲ ਸਕੂਲ ਦੀ ਨੁਹਾਰ ਹੀ ਬਦਲ ਗਈ ਹਰਿਆਵਲ ਵਧਾਉਣ ਤੋਂ ਲੈ ਕੇ ਸਕੂਲ ਨੂੰ ਸੁੰਦਰ ਬਣਾਉਣ ਤੱਕ, ਉਨ੍ਹਾਂ ਨੇ ਅਜਿਹਾ ਮਾਹੌਲ ਸਿਰਜਿਆ ਜਿੱਥੇ ਬੱਚੇ ਮਾਣ ਨਾਲ ਪੜ੍ਹਨ ਆਉਂਦੇ ਸਨ। ਉਨ੍ਹਾਂ ਦਾ ਪੜ੍ਹਾਉਣ ਦਾ ਤਰੀਕਾ ਵੀ ਚਰਚਾ ਦਾ ਵੀਸ਼ਾ ਬਣਿਆ ਅਤੇ ਅਕਸਰ ਲੋਕ ਕਹਿੰਦੇ ਸਨ, “ਮੰਡਾਲਾ ਸਕੂਲ ਦੇ ਬੱਚੇ ਅਲੱਗ ਹੀ ਦਿਸਦੇ ਹਨ।”
ਸਕੂਲ ਵਿੱਚ ਬੱਚਿਆਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦਾ ਤਰੀਕਾ ਵੀ ਅਨੋਖਾ ਸੀ। ਰਵਾਇਤੀ ਇਨਾਮਾਂ ਦੀ ਬਜਾਏ, ਉਹ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਵਧੀਆ ਕਰਨ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਅਤੇ ਸਕੂਲ ਦੇ ਨਾਮ ਉਕਰੇ ਹੋਏ ਸਟੀਲ ਦੇ ਪਲੇਟ-ਕੌਲੇ ਇਨਾਮ ਵਜੋਂ ਦਿੰਦੇ ਸਨ, ਤਾਂ ਜੋ ਬੱਚਿਆਂ ਨੂੰ ਇਹ ਅਹਿਸਾਸ ਹੋਵੇ ਕਿ ਉਨ੍ਹਾਂ ਦੀ ਮਿਹਨਤ ਦੀ ਕਦਰ ਕੀਤੀ ਗਈ ਹੈ। ਇਸ ਤੋਂ ਇਲਾਵਾ, ਪਿੰਡ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ਼ ਸਕੂਲ ਦੇ ਸਮੇਂ ਤੱਕ ਹੀ ਸੀਮਤ ਨਹੀਂ ਸੀ। ਸਾਲ 2023 ਅਤੇ 2025 ਦੇ ਹੜ੍ਹਾਂ ਦੌਰਾਨ ਜਦੋਂ ਪਿੰਡ ’ਤੇ ਪਾਣੀ ਦਾ ਖ਼ਤਰਾ ਮੰਡਰਾ ਰਿਹਾ ਸੀ, ਤਾਂ ਸੋਹਣ ਲਾਲ ਨੇ ਅੱਗੇ ਹੋ ਕੇ ਪਿੰਡ ਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਅਤੇ ਨਾਜ਼ੁਕ ਥਾਵਾਂ ’ਤੇ ਰੇਤ ਦੇ ਬੋਰੇ ਪਹੁੰਚਾਉਣ ਵਿੱਚ ਮਦਦ ਕੀਤੀ।
ਫ਼ਤਿਹਗੜ੍ਹ ਸਾਹਿਬ ਜਾਣ ਤੋਂ ਬਾਅਦ ਵੀ ਮੰਡਾਲਾ ਦੇ ਮਾਪੇ ਉਨ੍ਹਾਂ ਨੂੰ ਭੁੱਲ ਨਹੀਂ ਪਾ ਰਹੇ। ਇੱਕ ਵਿਦਿਆਰਥੀ ਸ਼ੁਭਮ ਦੀ ਮਾਂ ਜਸਵਿੰਦਰ ਕੌਰ ਨੇ ਸੋਹਣ ਲਾਲ ਨੂੰ ਭੇਜੀ ਇੱਕ ਵਾਇਸ ਨੋਟ ਵਿੱਚ ਰੋਂਦਿਆਂ ਕਿਹਾ, “ਸਰ, ਤੁਹਾਨੂੰ ਨਹੀਂ ਜਾਣਾ ਚਾਹੀਦਾ ਸੀ, ਸਾਡੇ ਲਈ ਇਹ ਬਹੁਤ ਔਖਾ ਹੈ। ਤੁਹਾਡੇ ਹੁੰਦਿਆਂ ਮੇਰਾ ਪੁੱਤ ਬਹੁਤ ਖ਼ੁਸ਼ ਰਹਿੰਦਾ ਸੀ।”
“ਸਾਨੂੰ ਉਨ੍ਹਾਂ ਵਰਗਾ ਅਧਿਆਪਕ ਫਿਰ ਕਦੇ ਨਹੀਂ ਮਿਲੇਗਾ”
ਇੱਕ ਹੋਰ ਪਿਤਾ ਰਵੀ ਮਸੀਹ ਨੇ ਕਿਹਾ, “ਸਾਨੂੰ ਉਨ੍ਹਾਂ ਵਰਗਾ ਅਧਿਆਪਕ ਫਿਰ ਕਦੇ ਨਹੀਂ ਮਿਲੇਗਾ।” ਸੋਹਣ ਲਾਲ ਨੇ ਆਪਣੀ ਬਦਲੀ ਦੀ ਖ਼ਬਰ ਕੁਝ ਸਮਾਂ ਲੁਕਾ ਕੇ ਰੱਖੀ ਸੀ ਕਿਉਂਕਿ ਉਹ ਜਾਣਦੇ ਸਨ ਕਿ ਬੱਚਿਆਂ ਅਤੇ ਮਾਪਿਆਂ ਲਈ ਇਹ ਦੁਖਦਾਈ ਹੋਵੇਗਾ। ਆਪਣੀ ਰਵਾਨਗੀ ’ਤੇ ਭਾਵੁਕ ਹੁੰਦਿਆਂ ਸੋਹਣ ਲਾਲ ਨੇ ਕਿਹਾ, “ਮੈਂ ਹੁਣ ਆਪਣੇ ਮਾਤਾ-ਪਿਤਾ ਦੇ ਕੋਲ ਫ਼ਤਿਹਗੜ੍ਹ ਸਾਹਿਬ ਆ ਗਿਆ ਹਾਂ, ਇਸ ਉਮਰ ਵਿੱਚ ਉਨ੍ਹਾਂ ਨੂੰ ਮੇਰੀ ਲੋੜ ਹੈ। ਪਰ ਮੰਡਾਲਾ ਦੇ ਬੱਚੇ ਹਮੇਸ਼ਾ ਮੇਰੇ ਦਿਲ ਵਿੱਚ ਰਹਿਣਗੇ।”






