ਐਤਵਾਰ ਤੜਕੇ ਜਲਾਲਾਬਾਦ ਦੇ ਸਿਟੀ ਥਾਣੇ ‘ਤੇ ਕਥਿਤ ਤੌਰ ‘ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿੱਚ ਫ਼ਾਜ਼ਿਲਕਾ ਪੁਲੀਸ ਨੇ ਸੋਮਵਾਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੈ।
ਘਟਨਾ ਦੇ ਲਗਪਗ 38 ਘੰਟਿਆਂ ਬਾਅਦ, ਪੰਜਾਬ ਪੁਲੀਸ ਦੇ ਫਿਰੋਜ਼ਪੁਰ ਰੇਂਜ ਦੇ ਡੀ ਆਈ ਜੀ ਸਨੇਹਦੀਪ ਸ਼ਰਮਾ ਅਤੇ ਫਾਜ਼ਿਲਕਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਸੋਮਵਾਰ ਸ਼ਾਮ 4 ਵਜੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ 12 ਅਤੇ 13 ਸਤੰਬਰ ਦੀ ਦਰਮਿਆਨੀ ਰਾਤ ਨੂੰ ਲਗਪਗ 2 ਵਜੇ ਥਾਣੇ ‘ਤੇ ਗ੍ਰਨੇਡ ਸੁੱਟਿਆ ਸੀ।
ਧਮਾਕੇ ਨਾਲ ਥਾਣੇ ਅੰਦਰ ਖੜ੍ਹੀਆਂ ਦੋ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ, ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਅਤੇ ਮਨਪ੍ਰੀਤ ਸਿੰਘ, ਵਾਸੀ ਪਿੰਡ ਘੁਬਾਇਆ, ਸਬ-ਡਵੀਜ਼ਨ ਜਲਾਲਾਬਾਦ ਵਜੋਂ ਹੋਈ ਹੈ।
ਡੀ ਆਈ ਜੀ ਨੇ ਕਿਹਾ ਕਿ ਕਥਿਤ ਤੌਰ ‘ਤੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਕੁਝ ਵਿਅਕਤੀਆਂ ਵੱਲੋਂ ਹਾਇਰ (ਕੰਮ ‘ਤੇ ਰੱਖਿਆ) ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਨੇ ਗ੍ਰਨੇਡ ਸਪਲਾਈ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਡੀ ਆਈ ਜੀ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਲਈ ਇਸ ਹਮਲੇ ਪਿੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਸੀ। ਉਨ੍ਹਾਂ ਨੇ ਚੌਵੀ ਘੰਟੇ ਕੰਮ ਕਰਕੇ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਫ਼ਾਜ਼ਿਲਕਾ ਪੁਲੀਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁਲਜ਼ਮਾਂ ਖ਼ਿਲਾਫ਼ ਵਿਸਫੋਟਕ ਸਮੱਗਰੀ ਐਕਟ (Explosive Substances Act) ਦੀ ਧਾਰਾ 3, 4 ਅਤੇ 5 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।






